
ਕਿਹਾ, ਮੇਰੀ ਖੁਸ਼ਕਿਸਮਤੀ ਹੈ ਕਿ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਾਂਗਾ
Ayodhya Ram Mandir News: ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਵਿਚ ਆਯੋਜਤ ਕੀਤੇ ਜਾਣ ਵਾਲੇ ਮੂਰਤੀ ਸਥਾਪਨਾ ਸਮਾਰੋਹ ਲਈ ਸੱਦਾ ਦਿਤਾ ਹੈ। ਇਹ ਸਮਾਗਮ 22 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ।
ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪੋਸਟ ਵਿਚ ਕਿਹਾ ਕਿ ਉਹ ਅਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ ਕਿ ਉਹ ਅਪਣੇ ਜੀਵਨ ਕਾਲ ਵਿਚ ਇਸ ਇਤਿਹਾਸਕ ਮੌਕੇ ਦੇ ਗਵਾਹ ਹੋਣਗੇ।
ਉਨ੍ਹਾਂ ਨੇ ਟਰੱਸਟ ਦੇ ਅਧਿਕਾਰੀਆਂ ਦੀ ਇਕ ਤਸਵੀਰ ਵੀ ਪੋਸਟ ਕੀਤੀ ਜਿਸ ਵਿਚ ਉਹ (ਅਧਿਕਾਰੀ) ਉਹਨਾਂ ਨੂੰ ਸੱਦਾ ਪੱਤਰ ਦਿੰਦੇ ਦਿਖਾਈ ਦੇ ਰਹੇ ਹਨ। ਮੰਦਰ ਦਾ ਨਿਰਮਾਣ ਟਰੱਸਟ ਦੀ ਦੇਖ-ਰੇਖ 'ਚ ਉਸ ਜਗ੍ਹਾ 'ਤੇ ਕੀਤਾ ਜਾ ਰਿਹਾ ਹੈ, ਜਿਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ 22 ਜਨਵਰੀ ਨੂੰ ਅਯੁੱਧਿਆ ਮੰਦਰ 'ਚ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਦੇ ਮੰਦਰਾਂ 'ਚ ਸਮਾਗਮ ਆਯੋਜਤ ਕਰਨ ਲਈ ਕਿਹਾ ਸੀ।