
ਕਿਹਾ, ਆਰ.ਐਸ.ਐਸ. ਮੁਖੀ ਭਾਗਵਤ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਐਨ. ਬੀਰੇਨ ਸਿੰਘ ਹੈ
Manipur violence: ਕੁਕੀ-ਜ਼ੋ ਭਾਈਚਾਰੇ ਦੇ ਸੰਗਠਨ ‘ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ’ (ITLF) ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ (N. Biren Singh) ਨੇ ਉੱਤਰ-ਪੂਰਬੀ ਸੂਬੇ ’ਚ ਮਈ ਵਿਚ ਸ਼ੁਰੂ ਹੋਏ ਨਸਲੀ ਸੰਘਰਸ਼ ਨੂੰ ‘ਭੜਕਾਇਆ’ ਸੀ।
ਦੁਸਿਹਰੇ ਮੌਕੇ ਨਾਗਪੁਰ ’ਚ ਭਾਸ਼ਣ ਦਿੰਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਸੂਬੇ ’ਚ ਮੈਤੇਈ ਅਤੇ ਕੁਕੀ ਭਾਈਚਾਰੇ ਲੰਮੇ ਸਮੇਂ ਤੋਂ ਇਕੱਠੇ ਰਹਿ ਰਹੇ ਹਨ। ਇਸ ’ਤੇ ITLF ਨੇ ਸਵਾਲ ਕੀਤਾ ਕਿ ਮਾਰਚ 2017 ’ਚ ਮੌਜੂਦਾ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਕੋਈ ਝੜਪ ਕਿਉਂ ਨਹੀਂ ਹੋਈ? ਭਾਗਵਤ ਨੇ ਕਿਹਾ ਸੀ, ‘‘ਅਸਲ ’ਚ ਟਕਰਾਅ ਨੂੰ ਕਿਸ ਨੇ ਭੜਕਾਇਆ? ਇਹ (ਹਿੰਸਾ) ਹੋ ਨਹੀਂ ਰਹੀ, ਇਸ ਨੂੰ ਕਰਵਾਇਆ ਜਾ ਰਿਹਾ ਹੈ।’’
ਇਕ ਬਿਆਨ ’ਚ ITLF ਨੇ ਦੋਸ਼ ਲਾਇਆ ਕਿ ਭਾਗਵਤ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ N. Biren Singh ਹੈ। ਕਬਾਇਲੀ ਸੰਗਠਨ ਨੇ ਮਨੀਪੁਰ ਦੀ ਸਥਿਤੀ ’ਤੇ ਕਈ ਸਵਾਲ ਵੀ ਉਠਾਏ ਅਤੇ ਪੁਛਿਆ ਕਿ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਨੂੰ ਹਾਲ ਹੀ ਵਿਚ ਸਿਰਫ ਘਾਟੀ ਖੇਤਰਾਂ ’ਚ ਹੀ ਕਿਉਂ ਹਟਾਇਆ ਗਿਆ ਸੀ ਨਾ ਕਿ ਪਹਾੜੀ ਜ਼ਿਲ੍ਹਿਆਂ ਵਿਚ।
ਮੈਤੇਈ ਮੁੱਖ ਤੌਰ ’ਤੇ ਇੰਫਾਲ ਵਾਦੀ ’ਚ ਰਹਿੰਦੇ ਹਨ ਜਦੋਂ ਕਿ ਕੂਕੀ ਪਹਾੜੀ ਜ਼ਿਲ੍ਹਿਆਂ ਦੀ ਬਹੁਗਿਣਤੀ ਆਬਾਦੀ ਬਣਾਉਂਦੇ ਹਨ। ਮਨੀਪੁਰ ’ਚ 3 ਮਈ ਨੂੰ ਜਾਤ ਅਧਾਰਤ ਹਿੰਸਾ ਸ਼ੁਰੂ ਹੋਣ ਤੋਂ ਬਾਅਦ 180 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ ਹਨ।