ਲੋਕਲ ਸਰਕਲਜ਼ ਦੇ ਸਰਵੇਖਣ 'ਚ ਅੱਖਾਂ ਵਿਚ ਜਲਣ ਤੇ ਸਿਰ ਦਰਦ ਦੀਆਂ ਮਿਲੀਆਂ ਸ਼ਿਕਾਇਤਾਂ
ਨਵੀਂ ਦਿੱਲੀ: ਦਿੱਲੀ ਐਨ.ਸੀ.ਆਰ. ਦੇ ਹਰ ਚਾਰ ਵਿਚੋਂ ਤਿੰਨ ਘਰਾਂ ਵਿਚੋਂ ਕੋਈ ਨਾ ਕੋਈ ਜ਼ਹਿਰੀਲੀ ਹਵਾ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ। ਲੋਕਲਸਰਕਲਜ਼ ਵਲੋਂ ਕਰਵਾਏ ਆਨਲਾਈਨ ਸਰਵੇ ਅਨੁਸਾਰ ਆਮ ਸ਼ਿਕਾਇਤਾਂ ਵਿਚ ਗਲਾ ਖ਼ਰਾਬ ਹੋਣਾ ਅਤੇ ਖਾਂਸੀ ਤੋਂ ਅੱਖਾਂ ’ਚ ਜਲਣ, ਸਿਰਦਰਦ ਅਤੇ ਨੀਂਦ ਨਾ ਆਉਣਾ ਸ਼ਾਮਲ ਹੈ।
ਸੀ.ਪੀ.ਸੀ.ਬੀ. ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੀਵਾਲੀ ਤੋਂ ਬਾਅਦ, ਪੀ.ਐਮ. 2.5 ਦਾ ਪੱਧਰ 488 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨੂੰ ਛੂਹ ਗਿਆ ਹੈ, ਜੋ ਪੰਜ ਸਾਲਾਂ ਵਿਚ ਸੱਭ ਤੋਂ ਵੱਧ ਹੈ ਅਤੇ ਤਿਉਹਾਰਾਂ ਤੋਂ ਪਹਿਲਾਂ ਦੇ ਪੱਧਰ 156.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਤਿੰਨ ਗੁਣਾ ਵੱਧ ਹੈ। 20 ਅਕਤੂਬਰ ਨੂੰ ਦੀਵਾਲੀ ਦੀ ਰਾਤ ਅਤੇ ਅਗਲੀ ਸਵੇਰ ਦੇ ਦੌਰਾਨ ਪ੍ਰਦੂਸ਼ਣ ਦਾ ਪੱਧਰ ਸਿਖਰ ਉਤੇ ਪਹੁੰਚ ਗਿਆ ਸੀ।
ਦਿੱਲੀ, ਗੁਰੂਗ੍ਰਾਮ, ਨੋਇਡਾ, ਫਰੀਦਾਬਾਦ ਅਤੇ ਗਾਜ਼ੀਆਬਾਦ ਦੇ 44,000 ਤੋਂ ਵੱਧ ਲੋਕਾਂ ਦੇ ਜਵਾਬਾਂ ਦੇ ਅਧਾਰ ਉਤੇ ਕੀਤੇ ਗਏ ਸਰਵੇਖਣ ਵਿਚ ਪਾਇਆ ਗਿਆ ਕਿ 42 ਫ਼ੀ ਸਦੀ ਪਰਵਾਰਾਂ ਨੇ ਦਸਿਆ ਕਿ ਉਨ੍ਹਾਂ ਦੇ ਇਕ ਜਾਂ ਵਧੇਰੇ ਜੀਆਂ ਨੂੰ ਗਲੇ ਵਿਚ ਖਰਾਸ਼ ਜਾਂ ਖੰਘ ਹੈ, ਜਦਕਿ 25 ਫ਼ੀ ਸਦੀ ਨੇ ਕਿਹਾ ਕਿ ਪਰਵਾਰ ਦੇ ਮੈਂਬਰਾਂ ਨੂੰ ਅੱਖਾਂ ਜਲਣ, ਸਿਰ ਦਰਦ ਜਾਂ ਸੌਣ ਵਿਚ ਮੁਸ਼ਕਲ ਹੈ। ਲਗਭਗ 17 ਫ਼ੀ ਸਦੀ ਉੱਤਰਦਾਤਾਵਾਂ ਨੇ ਸਾਹ ਲੈਣ ਵਿਚ ਮੁਸ਼ਕਲ ਜਾਂ ਦਮੇ ਦੇ ਗੰਭੀਰ ਹੋਣ ਦੀ ਰੀਪੋਰਟ ਕੀਤੀ।
ਲੋਕਲ ਸਰਕਲਜ਼ ਨੇ ਕਿਹਾ ਕਿ 44 ਫ਼ੀ ਸਦੀ ਪਰਵਾਰ ਹਵਾ ਦੀ ਮਾੜੀ ਗੁਣਵੱਤਾ ਨਾਲ ਨਜਿੱਠਣ ਲਈ ਬਾਹਰ ਜਾਣਾ ਘੱਟ ਕਰਨ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਖਪਤ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲਗਭਗ ਇਕ ਤਿਹਾਈ ਉੱਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਦੂਸ਼ਣ ਨਾਲ ਸਬੰਧਤ ਬਿਮਾਰੀਆਂ ਲਈ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਂ ਸਲਾਹ ਲੈਣ ਦੀ ਯੋਜਨਾ ਬਣਾਈ ਹੈ।
ਪੰਜਾਬ ਅਤੇ ਹਰਿਆਣਾ ਵਿਚ ਹੜ੍ਹਾਂ ਅਤੇ ਵਾਢੀ ਵਿਚ ਦੇਰੀ ਕਾਰਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 77.5 ਫ਼ੀ ਸਦੀ ਦੀ ਕਮੀ ਦੇ ਬਾਵਜੂਦ, ਦਿੱਲੀ ਦੀ ਹਵਾ ਦੀ ਗੁਣਵੱਤਾ ਖਰਾਬ ਰਹੀ ਹੈ ਅਤੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਇੰਡੈਕਸ (ਏ.ਕਿਯੂ.ਆਈ.) 400 ਨੂੰ ਪਾਰ ਕਰ ਗਿਆ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਪੀ.ਐਮ. 2.5 ਦੇ ਲਈ ਸਿਫਾਰਸ਼ ਕੀਤੇ ਪੱਧਰ ਨਾਲੋਂ ਲਗਭਗ 24 ਗੁਣਾ ਵੱਧ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਮੁਤਾਬਕ ਸਨਿਚਰਵਾਰ ਸਵੇਰੇ ਦਿੱਲੀ ’ਚ ਸਮੁੱਚਾ ਏ.ਕਿਊ.ਆਈ. 261 ਉਤੇ ਰਿਹਾ, ਜੋ ਇਕ ਦਿਨ ਪਹਿਲਾਂ 290 ਸੀ। ਹਾਲਾਂਕਿ, ਆਨੰਦ ਵਿਹਾਰ ਵਿਚ 415 ਦਾ ‘ਗੰਭੀਰ’ ਏ.ਕਿਊ.ਆਈ. ਦਰਜ ਕੀਤਾ ਗਿਆ, ਜੋ ਕਿ ਸਾਰੇ ਨਿਗਰਾਨੀ ਸਟੇਸ਼ਨਾਂ ਵਿਚ ਸੱਭ ਤੋਂ ਵੱਧ ਹੈ।
