ਤਿੰਨ ਜੱਜਾਂ ਦੀ ਵਿਸ਼ੇਸ਼ ਬੈਂਚ ਕਰੇਗੀ
ਨਵੀਂ ਦਿੱਲੀ : ਸੁਪਰੀਮ ਕੋਰਟ 27 ਅਕਤੂਬਰ ਨੂੰ ਅਵਾਰਾ ਕੁੱਤਿਆਂ ਨਾਲ ਜੁੜੇ ਮਾਮਲੇ ਉਤੇ ਸੁਣਵਾਈ ਕਰੇਗੀ। ਸੁਪਰੀਮ ਕੋਰਟ ਨੇ 22 ਅਗੱਸਤ ਨੂੰ ਅਵਾਰਾ ਕੁੱਤਿਆਂ ਦੇ ਮਾਮਲੇ ਦਾ ਦਾਇਰਾ ਦਿੱਲੀ-ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੀਆਂ ਸੀਮਾਵਾਂ ਤੋਂ ਬਾਹਰ ਵਧਾ ਦਿਤਾ ਸੀ ਅਤੇ ਹੁਕਮ ਦਿਤਾ ਸੀ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਮਾਮਲੇ ਵਿਚ ਧਿਰ ਬਣਾਇਆ ਜਾਵੇ।
ਸੁਪਰੀਮ ਕੋਰਟ ਦੀ ਵੈੱਬਸਾਈਟ ਉਤੇ ਅਪਲੋਡ ਕੀਤੀ ਗਈ 27 ਅਕਤੂਬਰ ਦੀ ਕੇਸ ਸੂਚੀ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨਵੀ ਅੰਜਾਰੀਆ ’ਚ ਸ਼ਾਮਲ ਤਿੰਨ ਜੱਜਾਂ ਦੀ ਵਿਸ਼ੇਸ਼ ਬੈਂਚ ਕਰੇਗੀ। ਇਸ ਕੇਸ ਤੋਂ ਇਲਾਵਾ ਇਸ ਮੁੱਦੇ ਨਾਲ ਸਬੰਧਤ ਚਾਰ ਵੱਖ-ਵੱਖ ਪਟੀਸ਼ਨਾਂ ਵੀ ਸੁਣਵਾਈ ਲਈ ਸੂਚੀਬੱਧ ਕੀਤੀਆਂ ਗਈਆਂ ਹਨ।
ਸੁਪਰੀਮ ਕੋਰਟ ਨੇ 22 ਅਗੱਸਤ ਨੂੰ ਜਾਰੀ ਕੀਤੇ ਅਪਣੇ ਹੁਕਮ ’ਚ ਦਿੱਲੀ-ਐਨ.ਸੀ.ਆਰ. ’ਚ ਅਵਾਰਾ ਕੁੱਤਿਆਂ ਨੂੰ ਛੱਡਣ ਉਤੇ ਰੋਕ ਲਗਾਉਣ ਦੇ ਅਪਣੇ ਪਹਿਲੇ ਹੁਕਮ ’ਚ ਸੋਧ ਕੀਤੀ ਸੀ ਅਤੇ ਇਸ ਨੂੰ ‘ਬਹੁਤ ਕਠੋਰ’ ਦਸਿਆ ਸੀ ਅਤੇ ਨਸਬੰਦੀ ਅਤੇ ਕੀੜਿਆਂ ਤੋਂ ਮੁਕਤ ਹੋਣ ਤੋਂ ਬਾਅਦ ਕੁੱਤਿਆਂ ਨੂੰ ਛੱਡਣ ਦਾ ਹੁਕਮ ਦਿਤਾ ਸੀ।
ਬੈਂਚ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਸੀ ਕਿ ਦੇਸ਼ ਭਰ ਦੀਆਂ ਹਾਈ ਕੋਰਟਾਂ ’ਚ ਲੰਬਿਤ ਇਸੇ ਤਰ੍ਹਾਂ ਦੇ ਸਾਰੇ ਮਾਮਲੇ ਇਸ ਮੁੱਦੇ ਉਤੇ ‘ਅੰਤਮ ਕੌਮੀ ਨੀਤੀ ਜਾਂ ਫੈਸਲੇ’ ਲਈ ਸੁਪਰੀਮ ਕੋਰਟ ’ਚ ਆਉਣਗੇ। (ਪੀਟੀਆਈ)
