ਕੀ ਸੋਨੇ ਦੀ ਕਮੀ ਹੋਣ ਜਾ ਰਹੀ ਹੈ ਜਾਂ ਕੋਈ ਹੋਰ ਕਾਰਨ ਹੈ? ਜਾਣੋ ਪੂਰੀ ਖ਼ਬਰ
Why are Banks Around the World Increasing their Gold Reserves? Latest News in Punjabi ਨਵੀਂ ਦਿੱਲੀ : ਸੋਨੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਜਿੱਥੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਹੀ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਜਮ ਕੇ ਖ਼ਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਆਪੋ ਅਪਣੇ ਭੰਡਾਰ ਵਧਾਏ ਜਾ ਰਹੇ ਹਨ। ਇਸ ਨੂੰ ਦਹਾਕਿਆਂ ਵਿਚ ਸੱਭ ਤੋਂ ਵੱਡਾ ਭੰਡਾਰ ਵਿਸਤਾਰ ਮੰਨਿਆ ਜਾ ਰਿਹਾ ਹੈ। ਆਖ਼ਰਕਾਰ ਅਜਿਹਾ ਕੀ ਕਾਰਨ ਹੈ ਕਿ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਵਲੋਂ ਅਪਣਾ ਸੋਨੇ ਦਾ ਭੰਡਾਰ ਵਧਾਇਆ ਜਾ ਰਿਹੈ? ਕੀ ਸੋਨੇ ਦੀ ਕਮੀ ਹੋਣ ਜਾ ਰਹੀ ਹੈ ਜਾਂ ਕੋਈ ਹੋਰ ਕਾਰਨ ਹੈ?
ਸੋਨਾ ਇਕ ਕੀਮਤੀ ਧਾਤ ਹੈ, ਜਿਸ ਨੂੰ ਹਰ ਕੋਈ ਖ਼ਰੀਦਣਾ ਚਾਹੁੰਦੈ ਪਰ ਮੌਜੂਦਾ ਸਮੇਂ ਸੋਨੇ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵਧ ਚੁੱਕੀਆਂ ਹਨ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ ਪਰ ਇਸ ਸੱਭ ਦੇ ਵਿਚਾਲੇ ਭਾਰਤ ਸਮੇਤ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਧੜੱਲੇ ਨਾਲ ਸੋਨੇ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਕਈ ਦਹਾਕਿਆਂ ਦੇ ਸਮੇਂ ਦੌਰਾਨ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਕੇਂਦਰੀ ਬੈਂਕ ਇੰਨੀ ਭਾਰੀ ਮਾਤਰਾ ਵਿਚ ਸੋਨਾ ਜਮ੍ਹਾਂ ਕਰ ਰਹੇ ਹਨ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਇਸ ਲਈ ਨਹੀਂ ਉਠਾਏ ਜਾ ਰਹੇ ਕਿ ਸੋਨੇ ਦੀ ਕਮੀ ਹੋਣ ਵਾਲੀ ਜਾਂ ਹੋਰ ਕਿਸੇ ਤਰ੍ਹਾਂ ਦਾ ਡਰ ਹੈ ਬਲਕਿ ਇਹ ਇਕ ਰਣਨੀਤਕ ਫ਼ੈਸਲਾ ਹੈ।
ਇਹ ਸੱਭ ਕੁੱਝ ਅਜਿਹੇ ਸਮੇਂ ਹੋ ਰਿਹੈ, ਜਦੋਂ ਵਿਸ਼ਵ ਭਰ ਵਿਚ ਰਾਜਨੀਤਕ ਤਣਾਅ ਅਤੇ ਆਰਥਿਕ ਅਸਥਿਰਤਾ ਬਣੀ ਹੋਈ ਹੈ। ਅਜਿਹੇ ਵਿਚ ਸੋਨੇ ਵਿਚ ਨਿਵੇਸ਼ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਬਜ਼ਾਰ ਦੇ ਜਾਣਕਾਰਾਂ ਅਨੁਸਾਰ ਸੋਨੇ ਵਿਚ ਇਹ ਤੇਜ਼ੀ ਅਗਲੇ ਸਾਲ ਵੀ ਬਣੀ ਰਹਿ ਸਕਦੀ ਹੈ। ਇਕ ਮਾਹਿਰ ਦਾ ਕਹਿਣਾ ਏ ਕਿ ਸਾਲ 2026 ਵਿਚ ਸੋਨੇ ਦੀ ਕੀਮਤ 4900 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ, ਜਦਕਿ ਗੋਲਡਮੈਨ ਦਾ ਕਹਿਣਾ ਹੈ ਕਿ ਜਦੋਂ ਰਵਾਇਤੀ ਮੁਦਰਾਵਾਂ ਵਿਚ ਗਿਰਾਵਟ ਆਉਂਦੀ ਹੈ ਤਾਂ ਸੋਨੇ ਅਤੇ ਬਿਟਕਾਇਨ ਦਾ ਭਾਅ ਤੇਜ਼ੀ ਨਾਲ ਉਪਰ ਚਲਾ ਜਾਂਦਾ ਹੈ। ਆਰਬੀਆਈ ਵਲੋਂ ਸਾਲ 2025 ਵਿਚ ਲਗਭਗ 900 ਟਨ ਸੋਨੇ ਦੀ ਖ਼ਰੀਦਦਾਰੀ ਕੀਤੇ ਜਾਣ ਦੀ ਉਮੀਦ ਹੈ ਜੋ ਲਗਾਤਾਰ ਚੌਥੇ ਸਾਲ ਔਸਤ ਤੋਂ ਜ਼ਿਆਦਾ ਹੈ।
ਇਨਫਾਰਮੈਟਿਕਸ ਰੇਟਿੰਗਜ਼ ਦੇ ਮੁੱਖ ਅਰਥ ਸਾਸ਼ਤਰੀ ਮਨੋਰੰਜਨ ਸ਼ਰਮਾ ਦੇ ਅਨੁਸਾਰ ਸੋਨੇ ਦੀ ਖ਼ਰੀਦ ਵਿਚ ਇਹ ਤੇਜ਼ੀ ਰਵਾਇਤੀ ਪੈਟਰਨ ਤੋਂ ਹਟ ਕੇ ਹੈ। ਉਨ੍ਹਾਂ ਦਾ ਕਹਿਣਾ ਏ ਕਿ ਸੋਨੇ ਦੇ ਭੰਡਾਰ ਦਾ ਜ਼ਿਆਦਾਤਰ ਹਿੱਸਾ ਡੀ-ਡਾਲਰਾਈਜੇਸ਼ਨ ਦੀਆਂ ਕੋਸ਼ਿਸ਼ਾਂ ਤੋਂ ਪ੍ਰੇਰਿਤ ਹੈ, ਖ਼ਾਸ ਕਰ ਕੇ ਇਹ ਉਭਰਦੇ ਬਜ਼ਾਰਾਂ ਚੀਨ, ਭਾਰਤ, ਰੂਸ, ਤੁਰਕੀ ਅਤੇ ਹੋਰ ਕਈ ਮੱਧ ਪੂਰਬੀ ਦੇਸ਼ਾਂ ਵਿਚ ਹੋ ਰਿਹਾ ਹੈ। ਆਈਐਮਐਫ਼ ਦੇ ਕੋਫਰ ਡਾਟਾਬੇਸ ਦੇ ਅਨੁਸਾਰ ਇਕ ਹੋਰ ਕਾਰਨ ਇਹ ਵੀ ਹੈ ਕਿ ਅਮਰੀਕੀ ਡਾਲਰ ਹੁਣ ਵੀ ਸੰਸਾਰਕ ਭੰਡਾਰ ਦਾ ਕਰੀਬ 58 ਫ਼ੀ ਸਦੀ ਹਿੱਸਾ ਰੱਖਦਾ ਏ, ਪਰ ਉਸ ਦਾ ਪ੍ਰਭਾਵ ਹੌਲੀ ਹੌਲੀ ਘੱਟ ਹੋ ਰਿਹਾ ਹੈ। ਡਾਲਰ ਦੀ ਇਹ ਸਥਿਤੀ ਸਿਰਫ਼ ਆਰਥਿਕ ਕਾਰਨਾਂ ਕਰ ਕੇ ਨਹੀਂ ਬਲਕਿ ਰਾਜਨੀਤਕ ਕਾਰਨਾਂ ਕਰਕੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਰੂਸ ’ਤੇ ਲਗਾਈਆਂ ਗਈਆਂ ਮੌਜੂਦਾ ਵਿੱਤੀ ਪਾਬੰਦੀਆਂ ਅਤੇ ਹੋਰ ਦੇਸ਼ਾਂ ’ਤੇ ਅਜਿਹੇ ਹੀ ਕਦਮ ਉਠਾਏ ਜਾਣ ਦੀਆਂ ਸੰਭਾਵਨਾਵਾਂ ਨੇ ਕਈ ਸਰਕਾਰਾਂ ਨੂੰ ਅਮਰੀਕੀ ਸੰਪਤੀਆਂ ਵਿਚ ਭਾਰੀ ਨਿਵੇਸ਼ ਕਰਨ ਰੋਕਿਆ ਹੈ।
ਉਧਰ ਦੂਜੇ ਪਾਸੇ ਇਸ ਦੇ ਉਲਟ ਸੋਨਾ ਇਸ ਪੂਰੇ ਤੰਤਰ ਤੋਂ ਬਾਹਰ ਹੈ, ਜਿਸ ਦਾ ਘਰੇਲੂ ਰੂਪ ਨਾਲ ਭੰਡਾਰਨ ਕੀਤਾ ਜਾ ਸਕਦਾ ਹੈ, ਵਿਸ਼ਵ ਪੱਧਰ ’ਤੇ ਵੇਚਿਆ ਅਤੇ ਖ਼ਰੀਦਿਆ ਜਾ ਸਕਦਾ ਹੈ ਅਤੇ ਇਹ ਕਿਸੇ ਇਕ ਦੇਸ਼ ਦੀਆਂ ਨੀਤੀਆਂ ਨਾਲ ਬੱਝਿਆ ਨਹੀਂ ਹੁੰਦਾ। ਇਹੀ ਕਾਰਨ ਐ ਕਿ ਉਭਰਦੀਆਂ ਅਰਥਵਿਵਸਥਾਵਾਂ ਦੇ ਲਈ ਸੋਨਾ ਵਿਸ਼ੇਸ਼ ਰੂਪ ਨਾਲ ਆਕਰਸ਼ਕ ਬਣਿਆ ਹੋਇਆ ਹੈ, ਜੋ ਖ਼ੁਦ ਨੂੰ ਪੱਛਮੀ ਮੁਦਰਿਕ ਸ਼ਕਤੀ ਦੇ ਪ੍ਰਭਾਵ ਤੋਂ ਸੁਰੱਖਿਅਤ ਰੱਖਣਾ ਚਾਹੁੰਦੀਆਂ ਹਨ।
