
ਐਡਮਿਰਲ ਲਾਂਬਾ ਨੇ ਕਿਹਾ ਹੈ ਕਿ ਭਾਰਤੀ ਨੇਵੀ ਸਮੁੰਦਰੀ ਖੇਤਰ ਵਿਚ ਦੇਸ਼ ਦੇ ਸਾਹਮਣੇ ਪੈਦਾ ਹੋਣ ਵਾਲੇ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰਨ ਤੌਰ ਤੇ ਤਿਆਰ ਹੈ।
ਮੁੰਬਈ , ( ਭਾਸ਼ਾ ) : ਨੇਵੀ ਚੀਫ ਐਡਮਿਰਲ ਲਾਂਬਾ ਨੇ ਕਿਹਾ ਹੈ ਕਿ 10 ਸਾਲ ਪਹਿਲਾਂ 26 ਨਵੰਬਰ ਨੂੰ ਹੋਏ ਮੁੰਬਈ ਹਮਲੇ ਤੋਂ ਬਾਅਦ ਭਾਰਤ ਹੁਣ ਬਿਹਤਰ ਤਰੀਕੇ ਨਾਲ ਤਿਆਰ ਹੈ ਅਤੇ ਸੰਗਠਤ ਹੈ ਇਸ ਦੇ ਲਈ ਸਮੁੰਦਰੀ ਨਿਗਰਾਨੀ ਸਮੇਤ ਸੁਰੱਖਿਆ ਦੇ ਹੋਰ ਉਪਾਅ ਵੀ ਕੀਤੇ ਗਏ ਹਨ। 26/11 ਮੁੰਬਈ ਅਤਿਵਾਦੀ ਹਮਲੇ ਦੇ 10 ਸਾਲ ਪੂਰੇ ਹੋਣ 'ਤੇ ਲਾਂਬਾ ਨੇ ਕਿਹਾ ਕਿ ਅਸੀ ਉਸ ਤੋਂ ਬਾਅਦ ਬਹੁਤ ਅੱਗੇ ਵੱਧ ਗਏ ਹਾਂ। ਤੱਟੀ ਸੁਰੱਖਿਆ ਦੇ ਮਾਮਲੇ ਵਿਚ ਬਹੁਤ ਬਦਲਾਅ ਹੋਏ ਹਨ ਕਿਉਂਕਿ ਖਤਰਿਆਂ ਵਾਲੇ ਰਾਹਾਂ 'ਤੇ ਸੁਰੱਖਿਆ ਵਧਾਈ ਗਈ ਹੈ।
Navy on Duty
ਸਮੁੰਦਰੀ ਨਿਗਰਾਨੀ ਅਤੇ ਸੁਰੱਖਿਆ ਢਾਂਚਾ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਹਮਲਾਵਰਾਂ ਵੱਲੋਂ ਸਮੁੰਦਰੀ ਤੱਟ ਨੂੰ ਪਾਰ ਕਰਨਾ ਆਸਾਨ ਨਹੀਂ ਰਿਹਾ। ਭਾਰਤ ਤੇ ਮੁੜ ਤੋਂ ਉਸੇ ਤਰ੍ਹਾਂ ਦੇ ਹਮਲੇ ਲਈ ਅਤਿਵਾਦੀਆਂ ਵੱਲੋਂ ਸਮੁੰਦਰੀ ਤੱਟ ਦੀ ਵਰਤੋਂ ਕਰਨ ਦੇ ਖ਼ਤਰੇ ਸਬੰਧੀ ਐਡਮਿਰਲ ਲਾਂਬਾ ਨੇ ਕਿਹਾ ਕਿ ਦੇਸ਼ ਅਜਿਹੇ ਹਮਲਿਆਂ ਵਿਰੁਧ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨੇਵੀ ਹੁਣ ਵੱਧ ਸ਼ਕਤੀਸ਼ਾਲੀ ਹੈ ਜੋ ਸਮੁੰਦਰ ਵਿਚ ਭਾਰਤੀ ਹਿੱਤਾਂ ਦੀ ਰਾਖੀ ਕਰ ਰਹੀ ਹੈ।
Mumbai attacks
ਇਸ ਦੇ ਨਾਲ ਹੀ ਸਮੁੰਦਰੀ ਖੇਤਰ ਵਿਚ ਦੇਸ਼ ਦੇ ਸਾਹਮਣੇ ਪੈਦਾ ਹੋਣ ਵਾਲੇ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰਨ ਤੌਰ ਤੇ ਤਿਆਰ ਹੈ।ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ 10 ਪਾਕਿਸਤਾਨੀ ਅਤਿਵਾਦੀ ਕਰਾਚੀ ਤੋਂ ਸਮੁੰਦਰ ਦੇ ਰਸਤੇ ਮੁੰਬਈ ਵਿਚ ਦਾਖਲ ਹੋਏ ਸਨ ਅਤੇ ਇਨ੍ਹਾਂ ਅਤਿਵਾਦੀਆਂ ਨੇ ਛਤਰਪਤੀ ਸ਼ਿਵਾਜੀ ਟਰਮਿਨਸ ਅਤੇ ਤਾਜਮਹਲ ਹੋਟਲ ਸਮੇਤ ਇਕ ਯਹੂਦੀ ਕੇਂਦਰ 'ਤੇ ਹਮਲਾ ਕੀਤਾ ਸੀ। ਲਗਭਗ 60 ਘੰਟੇ ਤੱਕ ਚਲੇ ਇਸ ਹਮਲੇ ਵਿਚ 166 ਤੋਂ ਵੱਧ ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ 28 ਵਿਦੇਸ਼ੀ ਨਾਗਰਿਕ ਵੀ ਸਨ।
Indian Navy
ਇਸ ਨੂੰ ਦੇਸ਼ ਦੀ ਪ੍ਰਭੂਸੱਤਾ 'ਤੇ ਹਮਲੇ ਦੇ ਤੌਰ ਤੇ ਦੇਖਿਆ ਗਿਆ ਸੀ। ਇਸ ਨਾਲ ਸਮੁੰਦਰੀ ਸੁਰੱਖਿਆ ਪ੍ਰਣਾਲੀ ਅਤੇ ਗੁਪਤ ਸੂਚਨਾਵਾਂ ਹਾਸਲ ਕਰਨ ਦੇ ਤਰੀਕਿਆਂ ਵਿਚ ਖਾਮੀ ਪਾਈ ਗਈ ਸੀ। ਐਡਮਿਰਲ ਲਾਂਬਾ ਨੇ ਕਿਹਾ ਕਿ ਦੇਸ਼ ਨੇ ਤੱਟੀ ਢਾਂਚੇ ਵਿਚ ਕਮੀਆਂ ਅਤੇ ਖ਼ਤਰਿਆਂ ਨੂੰ ਦੂਰ ਕਰ ਲਿਆ ਹੈ ਅਤੇ ਇਕ ਮਜ਼ਬੂਤ ਨਿਗਰਾਨ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਹੈ ਜਿਸ ਵਿਚ 42 ਰਡਾਰ ਸਟੇਸ਼ਨ ਹਨ, ਜਿਨ੍ਹਾਂ ਨੂੰ ਗੁਰੂਗ੍ਰਾਮ ਹੈਡਕੁਆਟਰ ਵਾਲੇ ਕੰਟਰੋਲ ਕੇਂਦਰ ਨਾਲ ਜੋੜਿਆ ਗਿਆ ਹੈ।