
ਇਸਤਗਾਸਾ ਪੱਖ ਅਨੁਸਾਰ, ਦੋਸ਼ੀ ਨੇ ਪੀੜਤਾ ਨਾਲ ਵਿਆਹ ਦਾ ਝੂਠਾ ਵਾਅਦਾ ਕਰਕੇ ਕਈ ਮੌਕਿਆਂ 'ਤੇ ਜਿਨਸੀ ਸ਼ੋਸ਼ਣ ਕੀਤਾ।
ਨਵੀਂ ਦਿੱਲੀ: ਕੇਰਲ ਹਾਈ ਕੋਰਟ ਦਾ ਕਹਿਣਾ ਹੈ ਕਿ ਵਿਆਹੁਤਾ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਬਲਾਤਕਾਰ ਦੇ ਕੇਸ ਦਾ ਆਧਾਰ ਨਹੀਂ ਹੋ ਸਕਦਾ। ਜਸਟਿਸ ਕੌਸਰ ਐਡਪਗਥ ਦੀ ਬੈਂਚ ਨੇ 22 ਨਵੰਬਰ ਨੂੰ ਕੋਲਮ ਦੇ ਪੁਨਾਲੂਰ ਨਿਵਾਸੀ ਟੀਨੋ ਥੈਂਕਚਨ (25) ਵਿਰੁੱਧ ਧਾਰਾ 376 (ਬਲਾਤਕਾਰ), 417 (ਧੋਖਾਧੜੀ) ਅਤੇ 493 ਦੇ ਤਹਿਤ ਦਰਜ ਕੀਤੇ ਗਏ ਬਲਾਤਕਾਰ ਦੇ ਕੇਸ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ।
ਇਸਤਗਾਸਾ ਪੱਖ ਅਨੁਸਾਰ, ਦੋਸ਼ੀ ਨੇ ਪੀੜਤਾ ਨਾਲ ਵਿਆਹ ਦਾ ਝੂਠਾ ਵਾਅਦਾ ਕਰਕੇ ਕਈ ਮੌਕਿਆਂ 'ਤੇ ਜਿਨਸੀ ਸ਼ੋਸ਼ਣ ਕੀਤਾ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦਰਜ ਕੀਤੇ ਗਏ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਦੇ ਆਪਣੇ ਪ੍ਰੇਮੀ ਨਾਲ ਆਪਣੀ ਮਰਜ਼ੀ ਨਾਲ ਸਬੰਧ ਸਨ। ਅਦਾਲਤ ਨੇ ਕਿਹਾ ਕਿ ਕਥਿਤ ਤੌਰ 'ਤੇ ਦੋਸ਼ੀ ਦੁਆਰਾ ਇਕ ਵਿਆਹੁਤਾ ਔਰਤ ਨਾਲ ਕੀਤਾ ਗਿਆ ਵਾਅਦਾ ਕਿ ਉਹ ਉਸ ਨਾਲ ਵਿਆਹ ਕਰੇਗਾ, ਇਕ ਅਜਿਹਾ ਵਾਅਦਾ ਹੈ ਜੋ ਕਾਨੂੰਨ ਵਿਚ ਲਾਗੂ ਨਹੀਂ ਹੈ। ਇੱਥੇ ਵਿਆਹ ਦੇ ਵਾਅਦੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਔਰਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨੌਜਵਾਨ ਨਾਲ ਉਸ ਦਾ ਵਿਆਹ ਕਾਨੂੰਨੀ ਤੌਰ 'ਤੇ ਸੰਭਵ ਨਹੀਂ ਹੋਵੇਗਾ, ਕਿਉਂਕਿ ਉਹ ਪਹਿਲਾਂ ਹੀ ਵਿਆਹੁਤਾ ਹੈ।
ਅਦਾਲਤ ਨੇ ਅੱਗੇ ਕਿਹਾ ਕਿ ਇਹ ਤੈਅ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਨਾਲ ਵਿਆਹ ਕਰਨ ਦੇ ਆਪਣੇ ਵਾਅਦੇ ਤੋਂ ਮੁੱਕਰਦਾ ਹੈ ਤਾਂ ਸਹਿਮਤੀ ਨਾਲ ਬਣਾਏ ਸਬੰਧ ਆਈਪੀਸੀ ਦੀ ਧਾਰਾ 376 ਦੇ ਤਹਿਤ ਅਪਰਾਧ ਨਹੀਂ ਹੋਵੇਗਾ, ਜਦੋਂ ਤੱਕ ਇਹ ਸਾਬਤ ਨਹੀਂ ਹੋ ਜਾਂਦਾ ਕਿ ਰਿਸ਼ਤੇ ਵਿਚ ਦਾਖਲ ਹੋਣ ਲਈ ਵਿਆਹ ਦਾ ਝੂਠਾ ਵਾਅਦਾ ਕਰਕੇ ਸਹਿਮਤੀ ਪ੍ਰਾਪਤ ਕੀਤੀ ਗਈ ਸੀ। ਇਸ ਤੋਂ ਇਲਾਵਾ ਧਾਰਾ 417 ਅਤੇ 493 ਦਾ ਜੁਰਮ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ।
ਵਿਆਹੁਤਾ ਹੋਣ ਦੇ ਬਾਵਜੂਦ ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਤਲਾਕ ਦੀ ਕਾਰਵਾਈ ਵੀ ਚੱਲ ਰਹੀ ਹੈ। ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਖਾਰਜ ਕਰਦਿਆਂ ਕਿਹਾ ਕਿ ਸਹਿਮਤੀ ਨਾਲ ਸਬੰਧ ਜਿਨਸੀ ਸ਼ੋਸ਼ਣ ਦੇ ਬਰਾਬਰ ਨਹੀਂ ਹਨ, ਇਸ ਲਈ ਮਾਮਲੇ ਦੀ ਅੱਗੇ ਪੈਰਵੀ ਕਰਕੇ ਕੋਈ ਮਕਸਦ ਪੂਰਾ ਨਹੀਂ ਕੀਤਾ ਜਾਵੇਗਾ।
ਆਰੋਪੀ ਅਤੇ ਪੀੜਤਾ ਦੀ ਆਸਟ੍ਰੇਲੀਆ ਵਿਚ ਸ਼ੋਸ਼ਲ ਮੀਡੀਆ ਰਾਹੀਂ ਮੁਲਾਕਾਤ ਹੋਈ ਅਤੇ ਉਹਨਾਂ ਦਾ ਰਿਸ਼ਤਾ ਪ੍ਰੇਮ ਸਬੰਧਾਂ ਵਿਚ ਬਦਲ ਗਿਆ ਅਤੇ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਵੀ ਕਰ ਲਿਆ। ਹਾਲਾਂਕਿ ਵਿਆਹ ਨਹੀਂ ਹੋ ਸਕਿਆ। ਔਰਤ ਮੁਤਾਬਕ ਉਸ ਨੇ ਦੋਸ਼ੀ ਦੇ ਵਿਆਹ ਦੇ ਵਾਅਦੇ 'ਤੇ ਭਰੋਸਾ ਕਰਦੇ ਹੋਏ ਸਬੰਧ ਬਣਾਉਣ ਲਈ ਸਹਿਮਤੀ ਦਿੱਤੀ ਸੀ।