
ਸਮੂਹਿਕ ਬਲਾਤਕਾਰ ਤੇ ਕਤਲ ਦੀਆਂ ਸ਼ਿਕਾਰ ਹੋਈਆਂ ਲੜਕੀਆਂ ਦੇ ਪਰਿਵਾਰ ਨੂੰ ਦਿੱਤੀ ਸੀ ਅਰਥੀ ਸਹਾਇਤਾ
ਲਖੀਮਪੁਰ ਖੀਰੀ - ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ ਇਸ ਸਾਲ 14 ਸਤੰਬਰ ਨੂੰ ਸਮੂਹਿਕ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਮਾਰੀਆਂ ਗਈਆਂ ਦੋ ਨਾਬਾਲਗ ਲੜਕੀਆਂ ਦੇ ਭਰਾ ਨੇ ਦੋ ਉੱਤਰ ਪ੍ਰਦੇਸ਼ ਕਾਂਗਰਸੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।
ਭਰਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਵਿੱਤੀ ਸਹਾਇਤਾ ਦੇ ਰੂਪ 'ਚ ਦਿੱਤੇ ਗਏ ਚੈੱਕ ਬਾਊਂਸ ਹੋ ਗਏ ਹਨ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਦੋ ਮ੍ਰਿਤਕ ਲੜਕੀਆਂ ਦੇ ਭਰਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇਤਾ ਵਾਈ ਕੇ ਸ਼ਰਮਾ (ਯੂ.ਪੀ. ਕਾਂਗਰਸ ਕਮੇਟੀ ਦੀ ਤਰਫੋਂ) ਅਤੇ ਇੱਕ ਹੋਰ ਕਾਂਗਰਸੀ ਆਗੂ ਵਰਿੰਦਰ ਕੁਮਾਰ ਨੇ ਉਨ੍ਹਾਂ ਨੂੰ ਕਤਲ ਅਤੇ ਬਲਾਤਕਾਰ ਤੋਂ ਬਾਅਦ ਕ੍ਰਮਵਾਰ 2 ਲੱਖ ਰੁਪਏ ਅਤੇ 1 ਲੱਖ ਰੁਪਏ ਦੇ ਚੈੱਕ ਆਰਥਿਕ ਮਦਦ ਵਜੋਂ ਦਿੱਤੇ ਸਨ।
ਉਸ ਨੇ ਦੋਸ਼ ਲਾਇਆ ਕਿ ਜਦੋਂ ਬੈਂਕ ਵਿੱਚ ਚੈੱਕ ਪੇਸ਼ ਕੀਤੇ ਗਏ ਤਾਂ ਦਸਤਖਤਾਂ ਨਾਲ ਮੇਲ ਨਾ ਹੋਣ ਕਾਰਨ ਦੋਵੇਂ ਚੈੱਕ ਬਾਊਂਸ ਹੋ ਗਏ।
ਉਸ ਨੇ ਦੋਸ਼ ਲਾਇਆ ਕਿ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਇੱਕ ਲੱਖ ਰੁਪਏ ਦਾ ਇੱਕ ਹੋਰ ਚੈੱਕ ਬਾਊਂਸ ਹੋ ਗਿਆ।
ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਭਰਾ ਨੇ ਪੁਲਿਸ ਨੂੰ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਵਧੀਕ ਪੁਲਿਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਸ਼ਿਕਾਇਤ 'ਤੇ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।"