
ਮਰਨ ਵਾਲਿਆਂ ’ਚ ਦੋ ਮੁੰਡੇ ਅਤੇ ਦੋ ਕੁੜੀਆਂ ਸ਼ਾਮਲ ਹਨ
Kerala Stampede : ਕੇਰਲ ਦੀ ਕੋਚੀਨ ਸਥਿਤ ਯੂਨੀਵਰਸਿਟੀ ’ਚ ਚਲ ਰਹੇ ਸੰਗੀਤ ਸਮਾਰੋਹ ’ਚ ਸਨਿਚਰਵਾਰ ਸ਼ਾਮ ਭਾਜੜ ਮੱਚ ਗਈ। ਯੂਨੀਵਰਸਿਟੀ ਦੀ ਵਰ੍ਹੇਗੰਢ ਮੌਕੇ ਕਰਵਾਇਆ ਗਿਆ ਨਿਕਿਤਾ ਗਾਂਧੀ ਦਾ ਇਕ ਸੰਗੀਤ ਸਮਾਰੋਹ ਕੋਚੀਨ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ (CUSAT) ’ਚ ਚਲ ਰਿਹਾ ਸੀ ਜਿਸ ’ਚ ਅਚਾਨਕ ਭਾਜੜ ਮੱਚ ਗਈ।
ਭਾਜੜ ਮਚਣ ਕਾਰਨ ਕਾਰਨ 4 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 60 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਕਈ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਮਰਨ ਵਾਲਿਆਂ ’ਚ ਦੋ ਮੁੰਡੇ ਅਤੇ ਦੋ ਕੁੜੀਆਂ ਸ਼ਾਮਲ ਹਨ। ਮ੍ਰਿਤਕਾਂ ’ਚੋਂ ਤਿੰਨ ਦੀ ਪਛਾਣ ਹੋ ਗਈ ਹੈ ਜਿਨ੍ਹਾਂ ’ਚ ਕੋਥਾਤੁਕੁਲਮ ਵਾਸੀ ਅਤੁਲ ਥੋਂਬੀ, ਉੱਤਰੀ ਪਰਾਵੁਰ ਵਾਸੀ ਐਨ ਡਰਿਫ਼ਟਾ ਅਤੇ ਜਤਿੰਦਰ ਬਾਬੂ ਸ਼ਾਮਲ ਹਨ। ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਰਜ ਨੇ ਇਕ ਪ੍ਰੈਸ ਬਿਆਨ ’ਚ ਕਿਹਾ, ‘‘ਚਾਰ ਵਿਅਕਤੀਆਂ ਨੂੰ ਕਲਾਮਾਸੇਰੀ ਮੈਡੀਕਲ ਕਾਲਜ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ।’’ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਸੰਗੀਤ ਸਮਾਰੋਹ ਯੂਨੀਵਰਸਿਟੀ ਦੇ ਓਪਨ ਏਅਰ ਆਡੀਟੋਰੀਅਮ ’ਚ ਚਲ ਰਿਹਾ ਸੀ। ਸ਼ੁਰੂਆਤੀ ਰੀਪੋਰਟਾਂ ਦੇ ਆਧਾਰ 'ਤੇ ਭਾਜੜ ਮੀਂਹ ਸ਼ੁਰੂ ਹੋਣ ਕਾਰਨ ਮਚੀ। ਮੀਂਹ ਤੋਂ ਬਚਣ ਲਈ ਸੰਗੀਤ ਸਮਾਰੋਹ ਸਥਾਨ ਦੇ ਪਿਛਲੇ ਪਾਸੇ ਵਾਲੇ ਵਿਦਿਆਰਥੀ ਆਪ-ਮੁਹਾਰੇ ਹੀ ਸਟੇਜ ਵਲ ਆਉਣ ਲੱਗ ਪਏ। ਮੀਂਹ ਤੋਂ ਬਚਾਉਣ ਲਈ ਪਿਛਲੇ ਪਾਸੇ ਕੋਈ ਆਸਰਾ ਨਾ ਹੋਣ ਕਾਰਨ ਵਿਦਿਆਰਥੀ ਅੱਗੇ ਵੱਲ ਭੱਜੇ ਅਤੇ ਕੁੱਝ ਵਿਦਿਆਰਥੀਆਂ ਪੌੜੀਆਂ ’ਤੇ ਡਿੱਗ ਪਏ। ਇਸ ਦੇ ਨਤੀਜੇ ਵਜੋਂ ਸਾਹਮਣੇ ਵਾਲੇ ਪਾਸੇ ਭੀੜ ਵਧ ਗਈ ਅਤੇ ਇਸੇ ਕਾਰਨ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਸਮਾਰੋਹ ’ਚ ਗੇਟ ਪਾਸ ਰਾਹੀਂ ਅੰਦਰ ਜਾਣ ਦਿਤਾ ਜਾ ਰਿਹਾ ਸੀ। ਫਿਰ ਵੀ, ਮੀਂਹ ਸ਼ੁਰੂ ਹੋਣ ’ਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਜਿਸ ਕਾਰਨ ਬਾਹਰ ਉਡੀਕ ਰਹੇ ਲੋਕ ਆਡੀਟੋਰੀਅਮ ਅੰਦਰ ਪਨਾਹ ਲਈ ਦੌੜ ਪਏ ਸਨ।
(For more news apart from Kerala Stampede, stay tuned to Rozana Spokesman)