
ਸੁਰੰਗ ਦੇ ਮਲਬੇ ’ਚ ਫਸੇ ਆਗਰ ਮਸ਼ੀਨ ਦੇ ਬਲੇਡ, ਹੈਦਰਾਬਾਦ ਤੋਂ ਲਿਆਂਦਾ ਜਾ ਰਿਹੈ ਪਲਾਜ਼ਮਾ ਕਟਰ
Uttarakhand tunnel collapse : ਕੌਮਾਂਤਰੀ ਸੁਰੰਗ ਮਾਹਰ ਅਰਨੋਲਡ ਡਿਕਸ ਨੇ ਸ਼ਨਿਚਰਵਾਰ ਨੂੰ ਦਸਿਆ ਕਿ ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ’ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿਚ 13 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਜਿਸ ਆਗਰ ਮਸ਼ੀਨ ਨਾਲ ਡਰਿਲਿੰਗ ਕੀਤੀ ਜਾ ਰਹੀ ਸੀ, ਉਹ ਟੁੱਟ ਕੇ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਸੁਰੰਗ ਦੇ ਉੱਪਰੋਂ ਅਤੇ ਹੱਥਾਂ ਨਾਲ ਡਰਿਲਿੰਗ ਸਮੇਤ ਹੋਰ ਬਦਲਾਂ ’ਤੇ ਵਿਚਾਰ ਕਰ ਰਹੀਆਂ ਹਨ।
ਸ਼ੁਕਰਵਾਰ ਨੂੰ ਪੂਰਾ ਦਿਨ ਡਰਿਲਿੰਗ ਦਾ ਕੰਮ ਬੰਦ ਰਿਹਾ, ਹਾਲਾਂਕਿ ਸਮਸਿਆ ਦੀ ਗੰਭੀਰਤਾ ਦਾ ਪਤਾ ਸਨਿਚਰਵਾਰ ਨੂੰ ਲਗਿਆ ਜਦੋਂ ਸੁਰੰਗ ਮਾਮਲਿਆਂ ਦੇ ਕੌਮਾਂਤਰੀ ਮਾਹਰ ਡਿਕਸ ਨੇ ਕਿਹਾ ਕਿ ਆਗਰ ਮਸ਼ੀਨ ‘ਖ਼ਰਾਬ’ ਹੋ ਗਈ ਹੈ। ਉਨ੍ਹਾਂ ਕਿਹਾ, ‘‘ਆਗਰ ਮਸ਼ੀਨ ਦਾ ਬਲੇਡ ਟੁਟ ਗਿਆ ਹੈ। ਨੁਕਸਾਨਿਆ ਗਿਆ ਹੈ। ਅਸੀਂ ਅਪਣੇ ਕੰਮ ਕਰਨ ਦੇ ਤਰੀਕੇ ’ਤੇ ਮੁੜਵਿਚਾਰ ਕ ਰਹੇ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਸਾਰੇ 41 ਲੋਕ ਬਾਹਰ ਨਿਕਲ ਆਉਣਗੇ।’’ ਜਦੋਂ ਉਨ੍ਹਾਂ ਨੂੰ ਕੋਈ ਸਮਾਂ ਸੀਮਾ ਦੱਸਣ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਦਾਅਵਾ ਕੀਤਾ ਹੈ ਕਿ ਉਹ ਕਿ੍ਰਸਮਸ ਤਕ ਘਰ ਆ ਜਾਣਗੇ।’’
ਜਦਕਿ ਕੌਮੀ ਬਿਪਤਾ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਨੇ ਕਿਹਾ ਹੈ ਕਿ ਸੁਰੰਗ ਅੰਦਰ ਦਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਪੂਰੀ ਹੋਣ ਨੂੰ ਸਮਾਂ ਲਗ ਸਕਦਾ ਹੈ ਕਿਉਂਕਿ ਆਗਰ ਮਸ਼ੀਨ ’ਚ ਵਾਰ-ਵਾਰ ਖ਼ਰਾਬੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਗ਼ੈਰ ਕਿਸੇ ਦੇਰ ਤੋਂ ਡਰਿਲਿੰਗ ’ਤੇ ਧਿਆਨ ਕੇਂਦਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਧਿਆਨ ਸੁਰੰਗ ਦੇ ਉੱਪਰੋਂ ਡਰਿਲਿੰਗ ’ਤੇ ਹੈ ਅਤੇ ਇਹ 24 ਤੋਂ 36 ਘੰਟਿਆਂ ਅੰਦਰ ਸ਼ੁਰੂ ਹੋ ਸਕਦੀ ਹੈ ਕਿਉਂਕਿ ਮਸ਼ੀਨਾਂ ਨੂੰ ਸੁਰੰਗ ’ਤੇ ਇਕ ਪਲੇਟਫ਼ਾਰਮ ’ਤੇ ਰਖਿਆ ਜਾ ਰਿਹਾ ਹੈ।
ਸਨਿਚਰਵਾਰ ਸਵੇਰੇ, ਇਕ ਵੱਡੀ ਡਰਿਲਿੰਗ ਮਸ਼ੀਨ ਨੂੰ ਸੁਰੰਗ ਦੇ ਉੱਪਰ ਪਹਾੜੀ ਵਲ ਲਿਜਾਇਆ ਗਿਆ ਸੀ, ਜਿੱਥੇ ਮਾਹਰਾਂ ਨੇ ਸੁਰੰਗ ਉੱਪਰੋਂ ਡਰਿਲਿੰਗ ਲਈ ਦੋ ਸਭ ਤੋਂ ਘੱਟ ਉਚਾਈ ਵਾਲੇ ਸਥਾਨਾਂ ਦੀ ਪਛਾਣ ਕੀਤੀ ਹੈ। ਉੱਪਰ ਤੋਂ ਘੱਟ ਤੋਂ ਘੱਟ 86 ਮੀਟਰ ਤਕ ਡਰੀਲਿੰਗ ਕਰਨੀ ਪਏਗੀ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਨੇ ਪਹਿਲਾਂ ਹੀ ਸੁਰੰਗ ਦੇ ਉੱਪਰ ਤਕ ਪਹੁੰਚਣ ਲਈ 1.5 ਕਿਲੋਮੀਟਰ ਲੰਮੀ ਸੜਕ ਬਣਾ ਦਿਤੀ ਹੈ, ਕਿਉਂਕਿ ਉੱੱਪਰੋਂ ਡਰਿਲਿੰਗ ਕੱੁਝ ਸਮੇਂ ਤੋਂ ਵਿਚਾਰ ਅਧੀਨ ਹੈ।
ਦੂਜੇ ਪਾਸੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਡਰਿੱਲ ਕਰਨ ਲਈ ਵਰਤੀ ਜਾ ਰਹੀ ਆਗਰ ਮਸ਼ੀਨ ਦੇ ਬਲੇਡ ਮਲਬੇ ’ਚ ਫਸ ਗਏ ਹਨ। ਧਾਮੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਲਬੇ ’ਚ ਫਸੇ ਬਲੇਡ ਦਾ ਇਕ ਹਿੱਸਾ ਕੱਟ ਦਿਤਾ ਗਿਆ ਹੈ ਅਤੇ ਬਾਕੀ ਕੰਮ ਨੂੰ ਪੂਰਾ ਕਰਨ ਲਈ ਹੈਦਰਾਬਾਦ ਤੋਂ ਪਲਾਜ਼ਮਾ ਕਟਰ ਭੇਜਿਆ ਜਾ ਰਿਹਾ ਹੈ।
ਟਨਲ ਮਾਹਰ ਡਿਕਸ ਨੇ ਕਿਹਾ ਕਿ ਫਸੇ ਹੋਏ ਲੋਕਾਂ ਅਤੇ ਬਚਾਅ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਆਪਰੇਸ਼ਨ ’ਚ ਲੱਗੀਆਂ ਕਈ ਏਜੰਸੀਆਂ ਦਾ ਟੀਚਾ ਹੈ। ਸੁਰੰਗ ਮਾਹਰ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਵੀ ਮਾਈਨਰ ਹੈ ਅਤੇ ਉਸ ਦਾ ਦਿਲ ਫਸੇ ਹੋਏ ਮਜ਼ਦੂਰਾਂ ਨਾਲ ਹੈ। ਚਾਰਧਾਮ ਯਾਤਰਾ ਮਾਰਗ ’ਤੇ ਬਣਾਈ ਜਾ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਵਿਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ। ਉਦੋਂ ਤੋਂ ਹੀ ਵੱਖ-ਵੱਖ ਏਜੰਸੀਆਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਮਜ਼ਦੂਰਾਂ ਨੂੰ ਬਚਾਉਣ ਲਈ ਸੁਰੰਗ ਦੇ ਢਹਿ-ਢੇਰੀ ਹਿੱਸੇ ’ਚ ਕੀਤੀ ਜਾ ਰਹੀ ਡਰਿਲਿੰਗ ਨੂੰ ਸ਼ੁਕਰਵਾਰ ਰਾਤ ਨੂੰ ਫਿਰ ਤੋਂ ਰੋਕਣਾ ਪਿਆ। ਸ਼ੁਕਰਵਾਰ ਨੂੰ ਕੁਝ ਸੰਖੇਪ ‘ਡਰਿਲਿੰਗ’ ਤੋਂ ਪਹਿਲਾਂ 800 ਮਿਲੀਮੀਟਰ ਚੌੜੀ ਸਟੀਲ ਪਾਈਪ ਦੇ ਇਕ 46.8 ਮੀਟਰ ਹਿੱਸੇ ਨੂੰ ਡਰਿਲ ਕੀਤੇ ਮਾਰਗ ’ਚ ਧੱਕ ਦਿਤਾ ਗਿਆ ਸੀ। ਸੁਰੰਗ ਦੇ ਢਹਿ ਗਏ ਹਿੱਸੇ ਦੀ ਲੰਬਾਈ ਲਗਭਗ 60 ਮੀਟਰ ਹੈ। ਮਜ਼ਦੂਰਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ ਛੇ ਇੰਚ ਦੀ ਚੌਥੀ ਟਿਊਬ ਨੂੰ 57 ਮੀਟਰ ਤਕ ਵਧਾ ਦਿਤਾ ਗਿਆ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਇਕ ਤੋਂ ਬਾਅਦ ਇਕ ਅੜਿੱਕੇ ਆਉਣ ਕਾਰਨ ਆਗਰ ਮਸ਼ੀਨ ਰਾਹੀਂ ਮਲਬੇ ’ਚੋਂ ਸਟੀਲ ਦੀਆਂ ਪਾਈਪਾਂ ਪਾਉਣ ਲਈ ਲੇਟਵੀਂ ਡਰਿਲਿੰਗ ਦਾ ਕੰਮ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਬਚੇ 10 ਤੋਂ 12 ਮੀਟਰ ਹਿੱਸੇ ਲਈ ਹੱਥ ਨਾਲ ਡਰਿਲਿੰਗ ਦੇ ਬਦਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਥਾਂ ਨਾਲ ਡਰਿਲਿੰਗ ਦਾ ਕੰਮ ਜ਼ਿਆਦਾ ਸਮਾਂ ਲੈਂਦਾ ਹੈ ਜਿਸ ਕਾਰਨ ਸੁਰੰਗ ਦੇ ਉੱਪਰੋਂ ਰਸਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਬੀ.ਆਰ.ਓ. ਨੇ ਸੁਰੰਗ ਤਕ ਉੱਪਰੋਂ ਪਹੁੰਚਣ ਲਈ ਡੇਢ ਕਿਲੋਮੀਟਰ ਸੜਕ ਬਣਾਈ
ਸ਼ਨਿਚਰਵਾਰ ਸਵੇਰੇ, ਇਕ ਵੱਡੀ ਡਰਿਲਿੰਗ ਮਸ਼ੀਨ ਨੂੰ ਸੁਰੰਗ ਦੇ ਉੱਪਰ ਪਹਾੜੀ ਵਲ ਲਿਜਾਇਆ ਗਿਆ ਸੀ, ਜਿੱਥੇ ਮਾਹਰਾਂ ਨੇ ਲੰਬਕਾਰੀ ਡਰਿਲਿੰਗ ਲਈ ਦੋ ਸਭ ਤੋਂ ਘੱਟ ਉਚਾਈ ਵਾਲੇ ਸਥਾਨਾਂ ਦੀ ਪਛਾਣ ਕੀਤੀ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਨੇ ਪਹਿਲਾਂ ਹੀ ਸੁਰੰਗ ਦੇ ਉੱਪਰ ਤਕ ਪਹੁੰਚਣ ਲਈ 1.5 ਕਿਲੋਮੀਟਰ ਲੰਮੀ ਸੜਕ ਬਣਾ ਦਿਤੀ ਹੈ, ਕਿਉਂਕਿ ਉੱਪਰੋਂ ਡਰਿਲਿੰਗ ਕੁਝ ਸਮੇਂ ਤੋਂ ਵਿਚਾਰ ਅਧੀਨ ਹੈ। ਕੌਮਾਂਤਰੀ ਟਨਲਿੰਗ ਮਾਹਰ ਅਰਨੋਲਡ ਡਿਕਸ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉੱਪਰੋਂ ਡਰਿਲਿੰਗ ਕਰਨਾ ਇਕ ਵਧੇਰੇ ਸਮਾਂ ਲੈਣ ਵਾਲਾ ਅਤੇ ਗੁੰਝਲਦਾਰ ਬਦਲ ਹੈ, ਜਿਸ ’ਚ ਸੁਰੰਗ ਦੇ ਸਿਖਰ ’ਤੇ ਮੁਕਾਬਲਤਨ ਤੰਗ ਥਾਂ ਹੋਣ ਕਾਰਨ ਵਧੇਰੇ ਸਟੀਕਤਾ ਅਤੇ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
ਫਸੇ ਮਜ਼ਦੂਰਾਂ ਲਈ ਲੈਂਡਲਾਈਨ ਸਹੂਲਤ ਸਥਾਪਤ
ਉੱਤਰਕਾਸ਼ੀ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੋੜਨ ਲਈ ਇਕ ਲੈਂਡਲਾਈਨ ਸਹੂਲਤ ਸਥਾਪਤ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਬੀ.ਐਸ.ਐਨ.ਐਲ. ਨੇ ਇਹ ਸਹੂਲਤ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 13 ਦਿਨਾਂ ਤੋਂ ਅੰਸ਼ਕ ਤੌਰ ’ਤੇ ਟੁੱਟੀ ਹੋਈ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਨੂੰ ਫੋਨ ਦਿਤਾ ਜਾਵੇਗਾ। ਬੀ.ਐਸ.ਐਨ.ਐਲ. ਦੇ ਡਿਪਟੀ ਜਨਰਲ ਮੈਨੇਜਰ (ਡੀ.ਜੀ.ਐਮ.) ਰਾਕੇਸ਼ ਚੌਧਰੀ ਨੇ ਦਸਿਆ, ‘‘ਅਸੀਂ ਇਕ ਟੈਲੀਫੋਨ ਐਕਸਚੇਂਜ ਸਥਾਪਤ ਕੀਤਾ ਹੈ। ਅਸੀਂ ਉਨ੍ਹਾਂ ਨੂੰ ਭੋਜਨ ਭੇਜਣ ਲਈ ਵਰਤੀ ਜਾਂਦੀ ਪਾਈਪ ਰਾਹੀਂ ਲਾਈਨ ਨਾਲ ਜੁੜਿਆ ਇਕ ਫ਼ੋਨ ਦੇਵਾਂਗੇ। ਇਸ ਫੋਨ ’ਚ ਇਨਕਮਿੰਗ ਅਤੇ ਆਊਟਗੋਇੰਗ ਸਹੂਲਤਾਂ ਹੋਣਗੀਆਂ। ਉਹ ਅਪਣੇ ਪਰਿਵਾਰਾਂ ਨਾਲ ਗੱਲ ਕਰ ਸਕਦੇ ਹਨ।’’ ਚੌਧਰੀ ਨੇ ਦਸਿਆ ਕਿ ਸਿਲਕਿਆਰਾ ਸੁਰੰਗ ਤੋਂ 200 ਮੀਟਰ ਦੂਰ ਐਕਸਚੇਂਜ ਦੀ ਸਥਾਪਨਾ ਕੀਤੀ ਗਈ ਹੈ। ਉਤਰਾਖੰਡ ਵਿਚ ਚਾਰਧਾਮ ਮਾਰਗ ’ਤੇ ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ ਢਿੱਗਾਂ ਡਿੱਗਣ ਕਾਰਨ 12 ਨਵੰਬਰ ਨੂੰ ਡਿੱਗਣ ਤੋਂ ਬਾਅਦ ਵੱਖ-ਵੱਖ ਏਜੰਸੀਆਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਸਨ।
ਸੁਰੰਗ ਹਾਦਸਾ: ਬਚਾਅ ਕਾਰਜਾਂ ’ਚ ਵਾਰ-ਵਾਰ ਰੁਕਾਵਟਾਂ ਆਉਣ ਕਾਰਨ ਮਜ਼ਦੂਰ ਅਤੇ ਰਿਸ਼ਤੇਦਾਰ ਬੇਚੈਨ
ਉੱਤਰਕਾਸ਼ੀ: ‘‘ਉਹ ਬਹੁਤ ਤਣਾਅ ਵਿਚ ਅਤੇ ਬੇਚੈਨ ਦਿਸ ਰਹੇ ਸਨ ਅਤੇ ਸਾਨੂੰ ਪੁਛਿਆ ਕਿ ਉਹ ਕਦੋਂ ਬਾਹਰ ਆਉਣਗੇ।’’ ਇਹ ਗੱਲ ਸ਼ਨਿਚਰਵਾਰ ਨੂੰ ਸੁਨੀਤਾ ਨੇ ਕਹੀ, ਜਿਸ ਦਾ ਦੇਵਰ ਵੀਰੇਂਦਰ ਵੀ ਪਿਛਲੇ 13 ਦਿਨਾਂ ਤੋਂ ਸਿਲਕਿਆਰਾ ’ਚ ਸੁਰੰਗ ਦੇ ਇਕ ਹਿੱਸੇ ਦੇ ਢਹਿ ਜਾਣ ਕਾਰਨ ਫਸੇ 41 ਮਜ਼ਦੂਰਾਂ ’ਚ ਸ਼ਾਮਲ ਹੈ। ਵਰਿੰਦਰ ਦੇ ਇਨ੍ਹਾਂ ਸ਼ਬਦਾਂ ਨੇ ਇੱਥੇ ਇਕੱਠੇ ਹੋਏ ਸੁਰੰਗ ’ਚ ਫਸੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮਨੋਬਲ ਦਾ ਪ੍ਰਗਟਾਵਾ ਕੀਤਾ। ਜਿਉਂ-ਜਿਉਂ ਬਚਾਅ ਕਾਰਜ ਇਕ ਤੋਂ ਬਾਅਦ ਇਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ, ਬੇਚੈਨੀ ਅਤੇ ਨਿਰਾਸ਼ਾ ਵਧਦੀ ਜਾ ਰਹੀ ਹੈ।
ਅੱਜ ਸਵੇਰੇ ਵਰਿੰਦਰ ਨਾਲ ਹੋਈ ਗੱਲਬਾਤ ਤੋਂ ਬਾਅਦ ਸੁਨੀਤਾ ਨੇ ਕਿਹਾ, ‘‘ਅੱਜ ਅਸੀਂ ਕਰੀਬ 10 ਮਿੰਟ ਗੱਲ ਕੀਤੀ... ਉਸ (ਵਰਿੰਦਰ) ਨੇ ਅੱਜ ਸਵੇਰੇ ਖਾਣਾ ਨਹੀਂ ਖਾਧਾ। ਉਸ ਨੇ ਮੈਨੂੰ ਕਿਹਾ ਕਿ ਉਹ ਖਾਣਾ ਨਹੀਂ ਚਾਹੁੰਦਾ ਹੈ... ਹੁਣ ਅਸੀਂ ਬਹੁਤ ਚਿੰਤਤ ਹਾਂ। ਉਹ ਬਹੁਤ ਤਣਾਅ ’ਚ ਅਤੇ ਬੇਚੈਨ ਲੱਗ ਰਿਹਾ ਸੀ। ਉਹ ਸਾਨੂੰ ਲਗਾਤਾਰ ਪੁਛਦਾ ਰਿਹਾ ਕਿ ਉਹ ਕਦੋਂ ਬਾਹਰ ਆਵੇਗਾ।’’
ਬਿਹਾਰ ਦੀ ਰਹਿਣ ਵਾਲੀ ਸੁਨੀਤਾ ਅਪਣੇ ਪਤੀ ਦੇਵੇਂਦਰ ਅਤੇ ਵਰਿੰਦਰ ਦੀ ਪਤਨੀ ਨਾਲ ਮੌਕੇ ’ਤੇ ਪਹੁੰਚੀ ਹੈ। ਵਰਿੰਦਰ ਦੇ ਵੱਡੇ ਭਰਾ ਦਵਿੰਦਰ ਨੇ ਦਸਿਆ ਕਿ ਅਧਿਕਾਰੀ ਉਸ ਨੂੰ ਹਰ ਰੋਜ਼ ਉਮੀਦ ਦੇ ਰਹੇ ਹਨ ਪਰ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ। ਦੇਵੇਂਦਰ ਨੇ ਨਿਰਾਸ਼ ਲਹਿਜੇ ’ਚ ਕਿਹਾ, ‘‘ਪਿਛਲੇ ਦੋ ਦਿਨਾਂ ਤੋਂ, ਸਾਨੂੰ ਅਧਿਕਾਰੀਆਂ ਵਲੋਂ ਭਰੋਸਾ ਦਿਤਾ ਜਾ ਰਿਹਾ ਹੈ ਕਿ ਉਨ੍ਹਾਂ (ਫਸੇ ਹੋਏ ਕਾਮਿਆਂ) ਨੂੰ ਜਲਦੀ ਹੀ ਬਾਹਰ ਕਢਿਆ ਜਾ ਰਿਹਾ ਹੈ, ਪਰ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਅਤੇ ਪ੍ਰਕਿਰਿਆ ’ਚ ਦੇਰੀ ਹੋ ਜਾਂਦੀ ਹੈ।’’
ਫਸੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚਕਾਰ ਛੇ ਇੰਚ ਚੌੜੀ ਪਾਈਪ ਰਾਹੀਂ ਗੱਲਬਾਤ ਹੋ ਰਹੀ ਹੈ। ਇਸ ਪਾਈਪ ਰਾਹੀਂ ਐਂਡੋਸਕੋਪਿਕ ਕੈਮਰਾ ਵੀ ਲਗਾਇਆ ਗਿਆ ਹੈ, ਜਿਸ ਨਾਲ ਬਚਾਅ ਕਰਮੀਆਂ ਅਤੇ ਫਸੇ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਅੰਦਰ ਦੀ ਸਥਿਤੀ ਦਾ ਪਤਾ ਲੱਗ ਜਾਂਦਾ ਹੈ।
ਉਧਰ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਤਣਾਅ ਦੂਰ ਕਰਨ ਲਈ ਮੋਬਾਈਲ ਫ਼ੋਨ ਅਤੇ ਬੋਰਡ ਗੇਮ ਦਿਤੇ ਗਏ ਹਨ। ਇਕ ਅਧਿਕਾਰੀ ਨੇ ਕਿਹਾ, ‘‘ਇਹ ਖੇਡ ਮਜ਼ਦੂਰਾਂ ਨੂੰ ਤਣਾਅ ਦੂਰ ਕਰਨ ’ਚ ਮਦਦ ਕਰਨਗੇ।’’
(For more news apart from Uttarakhand tunnel collapse, stay tuned to Rozana Spokesman)