
ਮਾਤਾ-ਪਿਤਾ ਬਾਈਡੇਨ ਸਰਕਾਰ ਨੂੰ ਵੀ ਬੇਟੇ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਮੰਗ ਕਰ ਰਹੇ ਹਨ।
ਕਾਬੁਲ : ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਈ ਲੋਕ ਦੇਸ਼ ਛੱਡ ਕੇ ਜਾ ਚੁਕੇ ਹਨ। ਇਸ ਦੌਰਾਨ 2 ਸਾਲ ਦਾ ਮਾਸੂਮ ਹੰਜ਼ਾਲਾ ਅਫ਼ਗ਼ਾਨਿਸਤਾਨ ਵਿਚ ਹੀ ਰਹਿ ਗਿਆ ਅਤੇ ਉਥੇ ਹੀ ਫਸਿਆ ਹੋਇਆ ਹੈ। ਅਸਲ ਵਿਚ ਜਦੋਂ ਲੋਕ ਦੇਸ਼ ਛੱਡ ਕੇ ਭੱਜ ਰਹੇ ਸਨ, ਉਸ ਦੌਰਾਨ ਹੰਜ਼ਾਲਾ ਅਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ। ਉਦੋਂ ਤੋਂ ਉਸ ਦੇ ਮਾਤਾ-ਪਿਤਾ ਉਸ ਨੂੰ ਅਪਣੇ ਕੋਲ ਲਿਆਉਣ ਦੀ ਪੂਰੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਮਾਤਾ-ਪਿਤਾ ਬਾਈਡੇਨ ਸਰਕਾਰ ਨੂੰ ਵੀ ਬੇਟੇ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਮੰਗ ਕਰ ਰਹੇ ਹਨ।
Innocent 2-year-old trapped in Kabul, parents plead with Biden government
ਫ਼ਿਲਹਾਲ ਹੰਜ਼ਾਲਾ ਉਨ੍ਹਾਂ ਤੋਂ ਹਜ਼ਾਰਾਂ ਮੀਲ ਦੂਰ ਹੈ। 16 ਅਗੱਸਤ, 2021 ਦੀ ਸਵੇਰ ਨੂਰੂਲਾਹਕ ਹਾਦੀ ਅਤੇ ਉਨ੍ਹਾਂ ਦਾ ਪਰਵਾਰ ਕਾਬੁਲ ਦੇ ਹਵਾਈ ਅੱਡੇ ਵਲ ਜਾ ਰਹੇ ਸਨ ਤਾਂ ਜੋ ਉਹ ਕਿਸੇ ਸੁਰੱਖਿਅਤ ਜਗ੍ਹਾ ’ਤੇ ਪਹੁੰਚ ਸਕਣ ਪਰ ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੌਰਾਨ ਹੋਈ ਭੱਜਦੌੜ ਵਿਚ ਵਿਚ ਨੂਰੂਲਾਹਕ ਹਾਦੀ ਦਾ ਪਰਵਾਰ ਫਸ ਗਿਆ। ਨੂਰੂਹਾਲਕ ਦੀ ਪਤਨੀ ਨਸੀਮਾ ਅਤੇ ਉਹਨਾਂ ਦਾ ਇਕ ਸਾਲ ਦਾ ਬੇਟਾ ਤਾਂ ਕਿਸੇ ਤਰ੍ਹਾਂ ਗੇਟ ਤੱਕ ਪਹੁੰਚ ਗਏ ਪਰ ਇਸ ਮਗਰੋਂ ਗੇਟ ਬੰਦ ਕਰ ਦਿਤੇ ਗਏ।
Joe Biden
ਐਨ.ਬੀ.ਸੀ. ਨਿਊਜ਼ ਮੁਤਾਬਕ ਨੂਰੂਲਾਹਕ ਅਪਣੇ ਬੇਟੇ ਹੰਜ਼ਾਲਾ ਨਾਲ ਗੇਟ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦਿਤਾ ਗਿਆ। ਨੂਰੂਲਾਹਕ ਨੇ ਦਸਿਆ ਕਿ ਉਸ ਦੌਰਾਨ ਤਾਲਿਬਾਨ ਦੇ ਲੜਾਕੇ ਲੋਕਾਂ ਨੂੰ ਮਾਰਨ ਲਈ ਆ ਰਹੇ ਸਨ ਇਸ ਲਈ ਅਪਣੇ ਬੇਟੇ ਨੂੰ ਬਚਾਉਣ ਲਈ ਅਪਣੇ ਭਰਾ ਤੋਂ ਮਦਦ ਮੰਗੀ। ਉਨ੍ਹਾਂ ਨੇ ਭਰਾ ਨੂੰ ਹੰਜ਼ਾਲਾ ਨੂੰ ਪਾਣੀ ਪਿਲਾਉਣ ਲਈ ਕਿਹਾ ਅਤੇ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਐਂਟਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਉਸ ਨੂੰ ਅਪਣੇ ਕੋਲ ਹੀ ਰੱਖੇ।
Innocent 2-year-old trapped in Kabul, parents plead with Biden government
ਫਿਰ ਉਹ ਕਿਸੇ ਤਰ੍ਹਾਂ ਹਵਾਈ ਅੱਡੇ ਦੇ ਅੰਦਰ ਹਵਾਈ ਜਹਾਜ਼ ਤਕ ਤਾਂ ਪਹੁੰਚ ਗਏ ਪਰ ਉਨ੍ਹਾਂ ਦਾ ਭਰਾ ਹੰਜ਼ਾਲਾ ਨੂੰ ਲੈ ਕੇ ਹਵਾਈ ਅੱਡੇ ਦੇ ਅੰਦਰ ਦਾਖ਼ਲ ਨਹੀਂ ਹੋ ਸਕਿਆ ਸੀ। ਉਨ੍ਹਾਂ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮਦਦ ਮੰਗੀ ਪਰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿਤਾ ਗਿਆ ਕਿ ਹੁਣ ਕੱੁਝ ਨਹੀਂ ਹੋ ਸਕਦਾ। ਇਸ ਮਗਰੋਂ ਉਨ੍ਹਾਂ ਦਾ ਜਹਾਜ਼ ਰਵਾਨਾ ਹੋ ਗਿਆ। ਇਸ ਗੱਲ ਨੂੰ ਚਾਰ ਮਹੀਨੇ ਹੋ ਚੁਕੇ ਹਨ। ਨੂਰੂਲਾਹਕ ਅਤੇ ਉਨ੍ਹਾਂ ਦਾ ਪਰਵਾਰ ਅਮਰੀਕਾ ਦੇ ਫ਼ਿਲਾਡੇਲਫ਼ੀਆ ਵਿਚ ਹੈ ਪਰ ਹੰਜ਼ਾਲਾ ਹਾਲੇ ਵੀ ਅਫ਼ਗ਼ਾਨਿਸਤਾਨ ਵਿਚ ਫਸਿਆ ਹੋਇਆ ਹੈ। ਉਦੋਂ ਤੋਂ ਉਹ ਅਪਣੇ ਬੇਟੇ ਨੂੰ ਪਾਉਣ ਲਈ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਫ਼ਿਲਾਡੇਲਫ਼ੀਆ ਤੋਂ ਕਾਬੁਲ ਦੀ ਦੂਰੀ 10,593 ਕਿਲੋਮੀਟਰ ਹੈ।