
ਧੁੰਦ ਕਾਰਨ ਹਰ ਰੋਜ਼ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ
ਲੁਧਿਆਣਾ: ਧੁੰਦ ਕਾਰਨ ਹਰ ਰੋਜ਼ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਸਕੂਲ ਟੀਚਰ ਨੂੰ ਟਰੱਕ ਨੇ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਕੂਲ ਅਧਿਆਪਿਕਾ ਆਟੋ ਤੋਂ ਉੱਤਰ ਕੇ ਸੜਕ ਪਾਰ ਕਰ ਰਹੀ ਸੀ ਕਿ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ। ਟਰੱਕ ਚਾਲਕ ਟਰੱਕ ਲੈ ਕੇ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਮੌਕੇ ’ਤੇ ਪੁੱਜੀ। ਮ੍ਰਿਤਕ ਔਰਤ ਨਿਊ ਸ਼ਿਵਪੁਰੀ ਦੀ ਰਹਿਣ ਵਾਲੀ ਉਰਮਿਲਾ ਬੇਖੀ (48) ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪਤੀ ਨਰਿੰਦਰ ਬੇਖੀ ਨੇ ਦੱਸਿਆ ਕਿ ਉਸ ਦੀ ਪਤਨੀ ਉਰਮਿਲਾ ਬੇਖੀ ਦੌਲਤ ਕਾਲੋਨੀ ਸਿਥਤ ਮਾਂ ਸ਼ਾਰਦਾ ਵਿੱਦਿਆ ਪੀਠ ਸਕੂਲ ਵਿਚ ਅਧਿਆਪਕਾ ਸੀ। ਉਹ ਰੋਜ਼ਾਨਾ ਵਾਂਗ ਆਟੋ ’ਤੇ ਸਵਾਰ ਹੋ ਕੇ ਦਾਦਾ ਮੋਟਰਸ ਦੇ ਬਾਹਰ ਉੱਤਰਦੀ ਸੀ। ਫਿਰ ਸੜਕ ਪਾਰ ਕਰਕੇ ਦੂਜੇ ਪਾਸੇ ਮੌਜੂਦ ਸਕੂਲ ਜਾਂਦੀ ਸੀ। ਸ਼ਨੀਵਾਰ ਨੂੰ ਵੀ ਜਦੋਂ ਉਹ ਆਟੋ ਤੋਂ ਉੱਤਰ ਕੇ ਦੂਜੇ ਪਾਸੇ ਸਥਿਤ ਸਕੂਲ ਜਾਣ ਲਈ ਸੜਕ ਪਾਰ ਕਰ ਰਹੀ ਸੀ ਤਾਂ ਇਕ ਓਵਰਸਪੀਡ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।