
ਜਹਾਜ਼ ਨੂੰ ਫਰਾਂਸ ਦੇ ਵੈਟਰੀ ਹਵਾਈ ਅੱਡੇ ’ਤੇ ਰੋਕ ਕੇ ਰਖਿਆ ਗਿਆ ਸੀ।
ਮੁੰਬਈ/ਪੈਰਿਸ: ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਰਾਂਸੀਸੀ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲਏ ਜਾਣ ਦੇ ਤਿੰਨ ਦਿਨ ਬਾਅਦ 303 ਯਾਤਰੀਆਂ ਨੂੰ ਲੈ ਕੇ ਇਕ ਜਹਾਜ਼ ਦੇ ਸੋਮਵਾਰ ਦੇਰ ਰਾਤ ਮੁੰਬਈ ਹਵਾਈ ਅੱਡੇ ’ਤੇ ਉਤਰਨ ਦੀ ਉਮੀਦ ਹੈ। ਯਾਤਰੀਆਂ ਵਿਚ ਜ਼ਿਆਦਾਤਰ ਭਾਰਤੀ ਹਨ। ਇਕ ਸੂਤਰ ਨੇ ਇਹ ਜਾਣਕਾਰੀ ਦਿਤੀ। ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਵਲੋਂ ਸੰਚਾਲਿਤ ਏ340 ਜਹਾਜ਼ ਦੇ ਦੇਰ ਰਾਤ ਕਰੀਬ 1 ਵਜੇ ਮੁੰਬਈ ਹਵਾਈ ਅੱਡੇ ’ਤੇ ਉਤਰਨ ਦੀ ਉਮੀਦ ਹੈ। ਜਹਾਜ਼ ਨੂੰ ਫਰਾਂਸ ਦੇ ਵੈਟਰੀ ਹਵਾਈ ਅੱਡੇ ’ਤੇ ਰੋਕ ਕੇ ਰਖਿਆ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ 303 ਯਾਤਰੀਆਂ ਨੂੰ ਲੈ ਕੇ ਨਿਕਾਰਾਗੁਆ ਜਾਣ ਵਾਲੀ ਉਡਾਣ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਵੀਰਵਾਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪਹਿਲਾਂ ਵੈਟਰੀ ਹਵਾਈ ਅੱਡੇ ਰੋਕ ਦਿਤਾ ਗਿਆ ਸੀ। ਐਤਵਾਰ ਨੂੰ ਫਰਾਂਸ ਦੇ 4 ਜੱਜਾਂ ਨੇ ਹਿਰਾਸਤ ’ਚ ਲਏ ਗਏ ਯਾਤਰੀਆਂ ਤੋਂ ਪੁਛ ਗਿਛ ਕੀਤੀ। ਇਹ ਸੁਣਵਾਈ ਮਨੁੱਖੀ ਤਸਕਰੀ ਦੇ ਸ਼ੱਕ ’ਚ ਪੈਰਿਸ ਪ੍ਰੌਸੀਕਿਊਟਰ ਦੇ ਦਫ਼ਤਰ ਵਲੋਂ ਸ਼ੁਰੂ ਕੀਤੀ ਗਈ ਜਾਂਚ ਤਹਿਤ ਆਯੋਜਤ ਕੀਤੀ ਗਈ ਸੀ।
ਫ਼ਰਾਂਸੀਸੀ ਮੀਡੀਆ ਮੁਤਾਬਕ ਕੱੁਝ ਯਾਤਰੀ ਹਿੰਦੀ ਅਤੇ ਕੁੱਝ ਤਾਮਿਲ ਭਾਸ਼ੀ ਸਨ। ਜਹਾਜ਼ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇਣ ਤੋਂ ਬਾਅਦ ਫ਼ਰਾਂਸ ਦੇ ਜੱਜਾਂ ਨੇ ਐਤਵਾਰ ਨੂੰ ਪ੍ਰਕਿਰਿਆ ’ਚ ਬੇਨਿਯਮੀਆਂ ਕਾਰਨ ਯਾਤਰੀਆਂ ਦੀ ਸੁਣਵਾਈ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਜਹਾਜ਼ ’ਚ 11 ਨਾਬਾਲਗ਼ ਸਵਾਰ ਸਨ, ਜਿਨ੍ਹਾਂ ਦੇ ਨਾਲ ਕੋਈ ਵੀ ਨਹੀਂ ਸੀ। ਫ੍ਰੈਂਚ ਵਕੀਲਾਂ ਮੁਤਾਬਕ ਸ਼ੁਕਰਵਾਰ ਤੋਂ ਹਿਰਾਸਤ ’ਚ ਲਏ ਗਏ ਦੋ ਯਾਤਰੀਆਂ ਦੀ ਹਿਰਾਸਤ ਸਨਿਚਰਵਾਰ ਸ਼ਾਮ ਨੂੰ 48 ਘੰਟਿਆਂ ਲਈ ਵਧਾ ਦਿਤੀ ਗਈ ਸੀ।