
ਬੋਰਵੈੱਲ ਦੀ ਡੂੰਘਾਈ 150 ਫੁੱਟ ਹੈ ਅਤੇ ਬੱਚੀ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
Jaipur Girl Fell into a 150 Feet deep Borewell is being Rescued: ਰਾਜਸਥਾਨ ਦੇ ਕੋਟਪੁਤਲੀ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ ਦੇ ਕਿਤਾਰਪੁਰਾ ਪਿੰਡ ਵਿਚ ਸੋਮਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਸਾਢੇ ਤਿੰਨ ਸਾਲ ਦੀ ਬੱਚੀ ਬੋਰਵੈੱਲ ਵਿਚ ਡਿੱਗ ਗਈ। ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 3 ਵਜੇ ਵਾਪਰੀ ਜਦੋਂ ਬੱਚੀ ਖੇਡਦੇ ਹੋਏ ਫ਼ਿਸਲ ਗਈ ਅਤੇ ਭੂਪੇਂਦਰ ਚੌਧਰੀ ਦੇ ਖੇਤ 'ਚ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਈ। ਬੋਰਵੈੱਲ ਦੀ ਡੂੰਘਾਈ 150 ਫੁੱਟ ਹੈ ਅਤੇ ਬੱਚੀ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਸਰੁੰਦ ਥਾਣਾ ਖੇਤਰ ਦੇ ਪੁਲਿਸ ਅਧਿਕਾਰੀ ਮੁਹੰਮਦ ਇਮਰਾਨ ਨੇ ਦਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਲੜਕੀ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਐਨਡੀਆਰਐਫ ਦੇ ਸੀਨੀਅਰ ਕਮਾਂਡੈਂਟ ਯੋਗੇਸ਼ ਮੀਨਾ ਨੇ ਦਸਿਆ ਕਿ ਪਹਿਲੇ ਦਿਨ ਰਿੰਗ ਰਾਡ ਅਤੇ ਛੱਤਰੀ ਤਕਨੀਕ ਦੀ ਵਰਤੋਂ ਕੀਤੀ ਗਈ, ਪਰ ਲੜਕੀ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਮੰਗਲਵਾਰ ਨੂੰ ਬਚਾਅ ਦਲ ਨੇ ਐਲ-ਬੈਂਡ (ਲੋਹੇ ਦੀ ਪਲੇਟ ਨਾਲ ਬਣਿਆ ਦੇਸੀ ਜੁਗਾੜ) ਦੀ ਵਰਤੋਂ ਕਰ ਕੇ ਬੱਚੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਤਾਂ ਜੋ ਸਥਿਤੀ 'ਤੇ ਕਾਬੂ ਪਾਇਆ ਜਾ ਸਕੇ ਅਤੇ ਬਚਾਅ ਕਾਰਜ ਤੇਜ਼ ਕੀਤਾ ਜਾ ਸਕੇ। ਬਚਾਅ ਟੀਮ ਨੇ ਬੋਰਵੈੱਲ ਵਿਚ ਆਕਸੀਜਨ ਪਾਈਪ ਵੀ ਪਾ ਦਿਤੀ ਹੈ, ਤਾਂ ਜੋ ਬੱਚੀ ਨੂੰ ਤਾਜ਼ੀ ਹਵਾ ਦੀ ਸਪਲਾਈ ਕੀਤੀ ਜਾ ਸਕੇ। ਬਚਾਅ ਕਾਰਜਾਂ ਵਿਚ ਅਤਿ-ਆਧੁਨਿਕ ਤਕਨੀਕਾਂ ਅਤੇ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਬਚਾਅ ਕਾਰਜ ਨੂੰ ਲੈ ਕੇ ਸਥਾਨਕ ਲੋਕ ਅਤੇ ਆਸਪਾਸ ਦੇ ਲੋਕ ਵੀ ਰਾਹਤ ਕਾਰਜ 'ਚ ਸਹਿਯੋਗ ਕਰ ਰਹੇ ਹਨ। ਬੱਚੀ ਦੇ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਦੀਆਂ ਚਿੰਤਾਵਾਂ ਅਤੇ ਉਮੀਦਾਂ ਬਚਾਅ ਟੀਮ 'ਤੇ ਟਿਕੀਆਂ ਹੋਈਆਂ ਹਨ।
ਕੁਝ ਦਿਨ ਪਹਿਲਾਂ ਦੌਸਾ ਜ਼ਿਲ੍ਹੇ ਵਿਚ ਇੱਕ ਪੰਜ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ 55 ਘੰਟਿਆਂ ਤੋਂ ਵੱਧ ਸਮੇਂ ਤਕ ਚੱਲੇ ਪਰ ਬਦਕਿਸਮਤੀ ਨਾਲ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਬੋਰਵੈੱਲ 'ਚ ਡਿੱਗੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋ ਗਈਆਂ ਹਨ।