
ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ 6 ਦਸੰਬਰ ਨੂੰ ਫ਼ੌਨ ਕਰ ਕੇ ਕਨ੍ਹਈਆ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ 17 ਜੂਨ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
Utter pradesh man died in Russia-Ukraine war Latest news in punjabi: ਆਜ਼ਮਗੜ੍ਹ ਜ਼ਿਲੇ ਦੇ ਰੌਨਾਪਰ ਥਾਣਾ ਖੇਤਰ ਦੇ ਪਿੰਡ ਬੰਕਾਟਾ (ਬਾਜ਼ਾਰ ਗੋਸਾਈ) ਦੇ ਰਹਿਣ ਵਾਲੇ ਨੌਜਵਾਨ ਕਨ੍ਹਈਆ ਯਾਦਵ ਦੀ ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਦੌਰਾਨ ਗੋਲੀ ਲਗਣ ਨਾਲ ਮੌਤ ਹੋ ਗਈ। ਉਸ ਦੀ ਦੇਹ 23 ਦਸੰਬਰ ਨੂੰ ਉਸ ਦੇ ਪਿੰਡ ਲਿਆਂਦੀ ਗਈ।
ਕਨ੍ਹਈਆ (41) ਪੁੱਤਰ ਫ਼ੌਜਦਾਰ ਯਾਦਵ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਕਨ੍ਹਈਆ 16 ਜਨਵਰੀ 2024 ਨੂੰ ਏਜੰਟ ਰਾਹੀਂ ਰਸੋਈਏ ਦਾ ਵੀਜ਼ਾ ਲਗਵਾ ਕੇ ਰੂਸ ਗਿਆ ਸੀ। ਉਥੇ ਉਸ ਨੂੰ ਕੁਝ ਦਿਨਾਂ ਲਈ ਰਸੋਈਏ ਵਜੋਂ ਸਿਖਲਾਈ ਦਿਤੀ ਗਈ ਅਤੇ ਬਾਅਦ ਵਿਚ ਫ਼ੌਜੀ ਸਿਖਲਾਈ ਦੇ ਕੇ ਉਸ ਨੂੰ ਰੂਸੀ ਫ਼ੌਜ ਨਾਲ ਯੁੱਧ ਲਈ ਭੇਜਿਆ ਗਿਆ।
ਉਨ੍ਹਾਂ ਦਸਿਆ ਕਿ ਕਨ੍ਹਈਆ ਜੰਗ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਜੂਨ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਕਨ੍ਹਈਆ ਨੇ 9 ਮਈ ਨੂੰ ਆਪਣੇ ਪਰਿਵਾਰ ਨੂੰ ਜੰਗ 'ਚ ਜ਼ਖ਼ਮੀ ਹੋਣ ਦੀ ਜਾਣਕਾਰੀ ਦਿਤੀ ਸੀ। ਉਹ 25 ਮਈ ਤਕ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਸੀ ਪਰ ਉਸ ਤੋਂ ਬਾਅਦ ਸੰਪਰਕ ਟੁੱਟ ਗਿਆ।
ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ 6 ਦਸੰਬਰ ਨੂੰ ਫ਼ੌਨ ਕਰ ਕੇ ਕਨ੍ਹਈਆ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ 17 ਜੂਨ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਅੰਤ ਉਸ ਦੀ ਮ੍ਰਿਤਕ ਦੇਹ 23 ਦਸੰਬਰ ਨੂੰ ਉਸ ਦੇ ਜੱਦੀ ਪਿੰਡ ਲਿਆਂਦੀ ਗਈ।
ਕਨ੍ਹਈਆ ਆਪਣੇ ਪਿੱਛੇ ਪਤਨੀ ਗੀਤਾ ਯਾਦਵ ਅਤੇ ਦੋ ਪੁੱਤਰ ਅਜੇ (23) ਅਤੇ ਵਿਜੇ (19) ਛੱਡ ਗਏ ਹਨ। ਅਜੈ ਯਾਦਵ ਨੇ ਦੋਸ਼ ਲਾਇਆ ਕਿ ਰੂਸ ਸਰਕਾਰ ਨੇ 30 ਲੱਖ ਰੁਪਏ ਮੁਆਵਜ਼ੇ ਵਜੋਂ ਦਿਤੇ ਹਨ ਪਰ ਪਰਿਵਾਰ ਨੂੰ ਅਜੇ ਤਕ ਇਹ ਮੁਆਵਜ਼ਾ ਨਹੀਂ ਮਿਲਿਆ ਹੈ।
ਕਨ੍ਹਈਆ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪੁੱਜੀ ਤਾਂ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।