
26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਨੂੰ 9 ਸਾਲ ਪੂਰੇ ਹੋ ਗਏ ਹਨ। ਮਾਮਲੇ ਦੇ ਮੁੱਖ ਜਾਂਚ ਕਰਤਾ ਰਹੇ ਸਾਬਕਾ ਪੁਲਿਸ ਅਫ਼ਸਰ ਰਮੇਸ਼ ਮਹਾਲੇ ਨੇ ਨਵਾਂ ਖ਼ੁਲਾਸਾ ਕੀਤਾ ਹੈ। ਮਹਾਲੇ ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਬਾਅਦ ਪੁੱਛਗਿੱਛ ਦੌਰਾਨ ਕਸਾਬ ਨੇ ਆਖਿਆ ਸੀ ਕਿ ‘ਤੁਸੀਂ ਲੋਕ ਸਾਨੂੰ ਕੀ ਫਾਂਸੀ ਦੇਵੋਗੇ, ਜਦੋਂ ਤੁਸੀਂ ਅੱਜ 8 ਸਾਲ ਬਾਅਦ ਵੀ ਅਫ਼ਜ਼ਲ ਗੁਰੂ ਨੂੰ ਫਾਂਸੀ ਨਹੀਂ ਦੇ ਸਕੇ?
ਪੁਲਿਸ ਅਫ਼ਸਰ ਮਹਾਲੇ ਦੇ ਮੁਤਾਬਕ ਹਮਲੇ ਦੇ ਚਾਰ ਸਾਲ ਪੂਰੇ ਹੋਣ ਦੇ ਕੁਝ ਦਿਨ ਪਹਿਲਾਂ ਜਦੋਂ ਕਸਾਬ ਨੂੰ ਫਾਂਸੀ ਦੇਣ ਲਈ ਆਰਥਰ ਰੋਡ ਜੇਲ੍ਹ ਤੋਂ ਯਰਵਦਾ ਜੇਲ੍ਹ ਲਿਜਾਇਆ ਜਾ ਰਿਾ ਸੀ ਤਾਂ ਉਹ ਨਾਲ ਸਨ।
ਉਸ ਦੌਰਾਨ ਮਹਾਲੇ ਨੇ ਕਸਾਬ ਨੂੰ ਯਾਦ ਕਰਵਾਇਆ ਕਿ ਤੈਨੂੰ ਚਾਰ ਸਾਲ ਵਿਚ ਹੀ ਫਾਂਸੀ ਹੋ ਰਹੀ ਹੈ। ਇਸ ‘ਤੇ ਕਸਾਬ ਨੇ ਕਿਹਾ ਕਿ ਤੁਸੀਂ ਜਿੱਤ ਗਏ।
ਮਹਾਲੇ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਦੇ ਖਿ਼ਲਾਫ਼ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਸ ਵਿਚ ਅਹਿਮ ਹੈ ਕਸਾਬ ਦਾ ਬਿਆਨ ਪਰ ਕਿਉਂਕਿ ਕਸਾਬ ਨੂੰ ਫਾਂਸੀ ਹੋ ਚੁੱਕੀ ਹੈ, ਇਸ ਲਈ ਉਹ ਬਿਆਨ ਹੁਣ ਮਾਨਤਾ ਨਹੀਂ ਰੱਖਦਾ ਹੈ। ਉੱਥੇ ਹੀ ਅਬੂ ਜੁੰਦਾਲ ਨੇ ਵੀ ਹਾਫਿਜ਼ ਸਈਦ ਦਾ ਨਾਂਅ ਲਿਆ ਹੈ। ਉਸਦਾ ਮੁਕੱਦਮਾ ਹੁਣ ਵੀ ਚੱਲ ਰਿਹਾ ਹੈ।
ਇਸ ਮਾਮਲੇ ਵਿਚ ਸਭ ਤੋਂ ਅਹਿਮ ਹੈ ਡੇਵਿਡ ਹੇਡਲੀ ਜੋ ਹੁਣ ਸਰਕਾਰੀ ਗਵਾਹ ਬਣ ਚੁੱਕਿਆ ਹੈ। ਉਸ ਦੇ ਬਿਆਨ ਵਿਚ ਵੀ ਹਾਫਿਜ਼ ਸਈਦ ਦਾ ਨਾਂਅ ਆਇਆ ਸੀ। ਹੇਡਲੀ ਨੇ ਦੱਸਿਆ ਸੀ ਕਿ ਹਾਫਿ਼ਜ਼ ਸਈਦ ਚਾਹੁੰਦਾ ਸੀ ਕਿ ਮੁੰਬਈ ‘ਤੇ ਅੱਤਵਾਦੀ ਹਮਲਾ ਹੋਵੇ। ਹਾਫਿਜ਼ ਨੇ ਹੀ ਸ਼ਿਵ ਸੈਨਾ ਭਵਨ, ਮਾਤੋਸ਼੍ਰੀ ਅਤੇ ਸਿੱਧੀ ਵਿਨਾਇਕ ਦੀ ਰੇਕੀ ਕਰਵਾਈ ਸੀ।
9 ਸਾਲ ਪਹਿਲਾਂ 2008 ਵਿੱਚ ਅੱਜ ਦੇ ਦਿਨ ਮੁੰਬਈ ਵਿਚ ਪਾਕਿਸਤਾਨੀ ਅੱਤਵਾਦੀਆਂ ਨੇ ‘ਤੇ ਵੱਡਾ ਅੱਤਵਾਦੀ ਹਮਲਾ ਕਰਕੇ ਸੈਂਕੜੇ ਬੇਕਸੂਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। 26 ਨਵੰਬਰ 2008 ਦੇ ਦਿਨ ਭਿਆਨਕ ਅੱਤਵਾਦੀ ਹਮਲਿਆਂ ‘ਚ ਮਾਰੇ ਗਏ ਲੋਕਾਂ ਨੂੰ ਭਾਵੇਂ ਅੱਜ ਦੇਸ਼ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਰ ਜਿਨ੍ਹਾਂ ਪਰਿਵਾਰਾਂ ਦੇ ਲੋਕ ਇਸ ਹਮਲੇ ਵਿਚ ਮਾਰੇ ਗਏ ਸਨ, ਉਨ੍ਹਾਂ ਦੇ ਜ਼ਖ਼ਮ ਅਜੇ ਵੀ ਹਰੇ ਹਨ ਕਿਉਂਕਿ ਇਸ ਹਮਲੇ ਦੇ ਮਾਸਟਰ ਮਾਈਂਡ ਪਾਕਿਸਤਾਨ ਵਿਚ ਅਜੇ ਵੀ ਬੇਖ਼ੌਫ਼ ਘੁੰਮ ਰਹੇ ਹਨ।
ਦੱਸ ਦੇਈਏ ਕਿ 26 ਨਵੰਬਰ 2008 ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਤੋਂ ਮੁੰਬਈ ਪਹੁੰਚੇ ਸਨ ਅਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 166 ਲੋਕਾਂ ਨੂੰ ਮਾਰ ਦਿੱਤਾ ਸੀ। ਹਮਲਿਆਂ ਵਿਚ ਕਈ ਲੋਕ ਜ਼ਖਮੀ ਵੀ ਹੋਏ ਸਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਨੁਕਸਾਨੀ ਗਈ ਸੀ। ਮਰਨ ਵਾਲਿਆਂ ਵਿਚ 18 ਸੁਰੱਖਿਆ ਕਰਮੀ ਵੀ ਸਨ। ਹਮਲਾ 26 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ 29 ਨਵੰਬਰ ਤਕ ਚੱਲਿਆ ਸੀ।
ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਛੱਤਰਪਤੀ ਸ਼ਿਵਾਜੀ ਟਰਮੀਨਲ, ਓਬਰਾਏ ਟ੍ਰਾਈਡੈਂਟ, ਤਾਜ ਮਹਿਲ ਪੈਲੇਸ ਐਂਡ ਟਾਵਰ, ਕਾਮਾ ਹਸਪਤਾਲ, ਨਰੀਮਨ ਹਾਊਸ ਯਹੂਦੀ ਭਾਈਚਾਰਾ ਕੇਂਦਰ, ਲੀਓਪੋਲਡ ਕੈਫੇ ਸ਼ਾਮਲ ਸਨ, ਜਿਨ੍ਹਾਂ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਦੌਰਾਨ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਅੱਤਵਾਦੀ ਅਜ਼ਮਲ ਕਸਾਬ ਜਿੰਦਾ ਫੜ ਲਿਆ ਸੀ, ਜਿਸ ਨੂੰ 4 ਸਾਲ ਬਾਅਦ 21 ਨਵੰਬਰ 2012 ਨੂੰ ਫਾਂਸੀ ਦੇ ਦਿੱਤੀ ਗਈ ਸੀ।