
ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ 'ਰਾਣੀ' ਬਣ ਕੇ ਉਭਰੇਗੀ........
ਮੁੰਬਈ : ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ 'ਰਾਣੀ' ਬਣ ਕੇ ਉਭਰੇਗੀ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਰਾਹੁਲ ਗਾਂਧੀ ਨੇ ਦਿਖਾ ਦਿਤਾ ਹੈ ਕਿ ਆਗਾਂਮੀ ਆਮ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਪਾਰਟੀ ਦੇ ਮੁੱਖ ਅਖ਼ਬਾਰ ਸਾਮਨਾ ਵਿਚ ਇਕ ਲੇਖ 'ਚ ਇਹ ਗੱਲ ਕਹੀ ਗਈ ਹੈ। ਭਾਜਪਾ ਦੀ ਗਠਬੰਧਨ ਸਾਂਝੀਦਾਰ ਸ਼ਿਵਸੈਨਾ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਦਲ ਦੇ ਨੇਤਾਵਾਂ ਲਈ ਇਸ ਬਿਆਨ ਦਾ ਕੋਈ ਮਤਲਬ ਨਹੀਂ ਹੈ
ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 'ਨਾਕਾਮ' ਹੋਣ ਦੇ ਚਲਦਿਆਂ ਪ੍ਰਿਅੰਕਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਰਾਫ਼ੇਲ ਲੜਾਕੂ ਜਹਾਜ਼ ਖ਼ਰੀਦ ਦੇ ਮੁੱਦੇ 'ਤੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਸਨ। ਸ਼ਿਵਸੈਨਾ ਅਨੁਸਾਰ ਰਾਹੁਲ ਗਾਂਧੀ ਦੇ ਮੋਦੀ ਸਰਕਾਰ 'ਤੇ ਰਾਫ਼ੇਲ ਸੌਦੇ 'ਚ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਜ਼ਰਅੰਦਾਜ਼ ਵੀ ਕਰ ਦਈਏ ਤਾਂ ਵੀ ਹਾਲ ਹੀ 'ਚ ਤਿੰਨ ਰਾਜਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਨਾ ਦਿਤਾ ਜਾਣਾਂ ਛੋਟੀ ਮਾਨਸਿਕਤਾ ਨੂੰ ਦਰਸਾਂਉਦਾ ਹੈ।
ਲੇਖ ਅਨੁਸਾਰ, 'ਇਸ ਨਾਲ ਕਾਂਗਰਸ ਨੂੰ ਮਦਦ ਮਿਲੇਗੀ। ਇਥੋਂ ਤਕ ਕਿ ਪ੍ਰਧਾਨ ਮੰਤਰੀ ਨੂੰ ਪ੍ਰਿਅੰਕਾ ਦੇ ਰਾਜਨੀਤੀ ਵਿਚ ਆਉਣ 'ਤੇ ਬੋਲਨਾ ਪਿਆ। ਲੋਕਾਂ ਨੇ ਪ੍ਰਵਾਰ ਨੂੰ ਸਵੀਕਾਰ ਕਰ ਲਿਆ ਹੈ ਤਾਂ ਕੁਝ ਲੋਕਾਂ ਦੇ ਢਿੱਡ ਵਿਚ ਪੀੜ ਹੋ ਰਹੀ ਹੈ?' ਸੰਪਾਦਕੀ ਅਨੁਸਾਰ ਭਾਜਪਾ, ਕਾਂਗਰਸ ਵਲੋਂ ਮਜਬੂਤ ਚੁਨੌਤੀ ਮਿਲਨ ਨੂੰ ਲੈ ਕੇ ਡਰੀ ਹੋਈ ਹੈ। ਸ਼ਿਵਸੈਨਾ ਨੇ ਕਿਹਾ ਕਿ ਪ੍ਰਿਅੰਕਾ ਦੀ ਸ਼ਕਲ ਸੂਰਤ ਅਤੇ ਗੱਲਬਾਤ ਦੇ ਤਰੀਕੇ 'ਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਦਿਖਾਈ ਦਿੰਦੀ ਹੈ। ਪਾਰਟੀ ਨੇ ਕਿਹਾ ਕਿ ਜੇਕਰ ਪ੍ਰਿਅੰਕਾ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ ਅਪਣੀ ਦਾਦੀ ਵਾਂਗ 'ਰਾਣੀ' ਬਣ ਕੇ ਸਾਹਮਣੇ ਆਏਗੀ। (ਪੀਟੀਆਈ)