
ਦੇਸ਼ ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਿਹਾ ਹੈ। ਦੇਸ਼ ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਿਹਾ ਹੈ। ਗਣਤੰਤਰ ਦਿਵਸ ਪਰੇਡ ਦੌਰਾਨ ਦਿੱਲੀ ਦੇ ਰਾਜਪਥ ‘ਤੇ ਭਾਰਤ ਦੀ ਸੈਨਾ ਦੀ ਬਹਾਦਰੀ ਅਤੇ ਅਮੀਰ ਸਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ। ਇਸ ਗਣਤੰਤਰ ਦਿਵਸ ਮੌਕੇ ਦੇਸ਼ ਨੇ 48 ਸਾਲ ਪੁਰਾਣੀ ਪਰੰਪਰਾ ਨੂੰ ਤੋੜਦੇ ਹੋਏ ਨਵੀਂ ਪਰੰਪਰਾ ਦਾ ਆਗਾਜ਼ ਕੀਤਾ ਹੈ।
ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਇਸ ਵਾਰ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੇਸ਼ ਦੇ ਪਹਿਲੇ ਸੀਡੀਐਸ ਅਤੇ ਤਿੰਨੇ ਫੌਜ ਮੁਖੀ ਵੀ ਮੌਜੂਦ ਰਹੇ।
ਦੱਸ ਦਈਏ ਕਿ ਸਾਲ 1971 ਵਿਚ ਭਾਰਤ-ਪਾਕਿਸਤਾਨ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸਾਲ 1972 ਵਿਚ ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਦਾ ਨਿਰਮਾਣ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਹਰ ਗਣਤੰਤਰ ਦਿਵਸ ‘ਤੇ ਅਮਰ ਜਵਾਨ ਜੋਤੀ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਪਰੰਪਰਾ ਸੀ, ਜੋ ਇਸ ਵਾਰ ਬਦਲ ਗਈ।
ਬੀਤੇ ਸਾਲ ਹੀ ਪੀਐਮ ਮੋਦੀ ਨੇ ਦਿੱਲੀ ਵਿਚ 44 ਏਕੜ ਖੇਤਰ ਵਿਚ ਫੈਲਿਆ ਨੈਸ਼ਨਲ ਵਾਰ ਮੈਮੋਰੀਅਲ ਦੇਸ਼ ਨੂੰ ਸਮਰਪਿਤ ਕੀਤਾ ਸੀ। ਇਹ ਗਣਤੰਤਰ ਦਿਵਸ ਨਾਰੀ ਸ਼ਕਤੀ ਦੇ ਲਹਿਜ਼ੇ ਨਾਲ ਵੀ ਖਾਸ ਹੈ। ਦਰਅਸਲ ਇਸ ਵਾਰ ਭਾਰਤੀ ਫੌਜ ਦੀ ਕੈਪਟਨ ਤਾਨੀਆ ਸ਼ੇਰਗਿੱਲ ਨੇ 147 ਜਵਾਨਾਂ ਦੀ ਅਗਵਾਈ ਕੀਤੀ।
ਕੈਪਟਨ ਤਾਨੀਆ ਗਿੱਲ ਅਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਵਿਚੋਂ ਹੈ, ਜੋ ਫੌਜ ਵਿਚ ਰਹਿ ਕੇ ਸੇਵਾ ਕਰ ਰਹੀ ਹੈ। ਕੈਪਟਨ ਤਾਨੀਆ ਦੇ ਪਿਤਾ ਸੂਰਤ ਸਿੰਘ ਵੀ ਫੌਜ ਵਿਚ ਸੇਵਾ ਕਰ ਚੁੱਕੇ ਹਨ ਅਤੇ ਉਹਨਾਂ ਦੀ ਮਾਂ ਰਿਟਾਇਰਡ ਅਧਿਆਪਕ ਹੈ। ਇਸ ਤੋਂ ਪਹਿਲਾਂ ਫ਼ੌਜ ਦਿਵਸ 'ਤੇ ਵੀ ਮਹਿਲਾ ਅਧਿਕਾਰੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਸਾਰੀਆਂ ਮਰਦ ਫ਼ੌਜ ਟੁਕੜੀਆਂ ਦੀ ਅਗਵਾਈ ਕੀਤੀ।
ਇਸ ਤੋਂ ਪਹਿਲਾਂ 70ਵੇਂ ਗਣਤੰਤਰ ਦਿਵਸ ‘ਤੇ ਕੈਪਟਨ ਭਾਵਨਾ ਕਸਤੂਰੀ ਨੇ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ। ਤਾਨੀਆ ਸ਼ੇਰਗਿੱਲ ਆਰਮੀ ਦੇ ਸਿਗਨਲ ਕੋਰ 'ਚ ਕੈਪਟਨ ਹਨ। ਤਾਨੀਆ ਦਾ ਪਰਵਾਰ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹੈ। ਤਾਨੀਆ ਦੇ ਪਿਤਾ, ਦਾਦਾ ਅਤੇ ਪੜਦਾਦਾ ਫ਼ੌਜ 'ਚ ਸਨ। ਤਾਨੀਆ ਨੇ ਇਲੈਕਟ੍ਰਾਨਿਕਸ 'ਚ ਬੀਟੈਕ ਕੀਤੀ ਹੈ।