
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਯੂਕਰੇਨ ਤੋਂ ਭਾਰਤ ਲਿਆਂਦੇ ਜਾ ਰਹੇ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਖਰਚਾ ਚੁੱਕੇਗੀ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤ ਲਿਆਂਦੇ ਜਾ ਰਹੇ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਖਰਚਾ ਚੁੱਕੇਗੀ। ਇਹਨਾਂ ਲੋਕਾਂ ਦੇ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ। ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਦੇਰ ਰਾਤ ਇਹ ਐਲਾਨ ਕੀਤਾ। ਉਹਨਾਂ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਅਜਿਹੀ ਹਰੇਕ ਉਡਾਣ ਦਿੱਲੀ ਅਤੇ ਮੁੰਬਈ ਪਹੁੰਚੇਗੀ ਅਤੇ ਸੂਬਾ ਸਰਕਾਰ ਬਿਹਾਰ ਦੇ ਲੋਕਾਂ ਦੇ ਸਫ਼ਰ ਦਾ ਖਰਚਾ ਚੁੱਕੇਗੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆ ਰਹੀਆਂ ਹਨ ਕਿ ਮਾਪੇ ਯੂਕਰੇਨ ਤੋਂ ਆਪਣੇ ਬੱਚਿਆਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੇਸਰੀਆ ਦੀ ਵਸਨੀਕ ਸੁਮਿਤਰਾ ਕੁਮਾਰੀ ਯਾਦਵ ਨੇ ਕਿਹਾ, “ਮੇਰੇ ਦੋ ਬੱਚੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਹੁਣ ਤੱਕ ਦੋਵੇਂ ਸੁਰੱਖਿਅਤ ਹਨ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ”। ਉਹ ਸਥਾਨਕ ਕਾਂਗਰਸੀ ਆਗੂ ਵੀ ਹਨ।
ਪੂਰਬੀ ਚੰਪਾਰਨ ਦੇ ਚੱਕੀਆ ਇਲਾਕੇ 'ਚ ਗਹਿਣਿਆਂ ਦਾ ਕਾਰੋਬਾਰ ਚਲਾਉਣ ਵਾਲੇ ਅਸ਼ੋਕ ਕੁਮਾਰ ਦਾ ਵੀ ਅਜਿਹਾ ਹੀ ਹਾਲ ਹੈ। ਉਹਨਾਂ ਨੇ ਕਿਹਾ, “ਮੇਰਾ ਬੇਟਾ ਕੁੰਜ ਬਿਹਾਰੀ ਲੀਵ ਵਿਚ ਫਸਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਉਹ ਵਾਪਸ ਆ ਰਿਹਾ ਹੈ। ਸਫ਼ਰ ਮੁਸ਼ਕਿਲ ਹੈ ਪਰ ਇਕ ਵੱਡੀ ਰਾਹਤ ਹੈ।"