
ਕਿਹਾ, ਦੋਸਤ ਗ਼ਲਤ ਹੋਵੇ ਤਾਂ ਉਸ ਨੂੰ ਦਸ ਦੇਣਾ ਚਾਹੀਦਾ ਹੈ ਕਿ ਉਹ ਗ਼ਲਤ ਹੈ
ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ ਖ਼ਿਲਾਫ਼ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) 'ਚ ਵੋਟ ਨਾ ਕਰਨ ਤੋਂ ਨਿਰਾਸ਼ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਜਦੋਂ ਕੋਈ ਦੋਸਤ ਗ਼ਲਤ ਰਾਹ 'ਤੇ ਹੋਵੇ ਤਾਂ ਉਸ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਗ਼ਲਤ ਹੈ।
photo
ਤਿਵਾੜੀ ਨੇ ਲਿਖਿਆ, ''ਇਕ ਸਮਾਂ ਆਉਂਦਾ ਹੈ ਜਦੋਂ ਦੇਸ਼ਾਂ ਨੂੰ ਇਕੱਠੇ ਖੜ੍ਹੇ ਹੋਣ ਦੀ ਲੋੜ ਹੁੰਦੀ ਹੈ, ਨਾ ਕਿ ਇਕ ਪਾਸੇ ਖੜ੍ਹਨ ਦੀ। ਮੈਂ ਦਿਲੋਂ ਚਾਹੁੰਦਾ ਹਾਂ ਕਿ ਭਾਰਤ ਨੇ UNSC ਵਿੱਚ ਯੂਕਰੇਨ ਦੇ ਲੋਕਾਂ ਦੇ ਹੱਕ ਵਿੱਚ ਵੋਟ ਦਿੱਤਾ ਹੁੰਦਾ ਜੋ ਇੱਕ ਬੇਮਿਸਾਲ ਅਤੇ ਗ਼ੈਰ-ਵਾਜਬ ਹਮਲੇ ਦਾ ਸਾਹਮਣਾ ਕਰ ਰਹੇ ਹਨ। ਦੋਸਤ ਜਦੋਂ ਗ਼ਲਤੀ ਕਰੇ ਤਾਂ ਉਸ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਗ਼ਲਤ ਹੈ।''
UNSC meeting
ਜ਼ਿਕਰਯੋਗ ਹੈ ਕਿ 11 ਦੇਸ਼ਾਂ ਨੇ ਰੂਸ ਦੀ ਨਿੰਦਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਪੱਖ 'ਚ ਵੋਟਾਂ ਪਾਈਆਂ ਅਤੇ ਯੂਕ੍ਰੇਨ ਤੋਂ ਰੂਸੀ ਫ਼ੌਜੀਆਂ ਦੀ ਵਾਪਸੀ ਦੀ ਮੰਗ ਕੀਤੀ। ਹਾਲਾਂਕਿ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਨੇ ਵੋਟ ਪਾਉਣ ਤੋਂ ਪਰਹੇਜ਼ ਕੀਤਾ। ਇਹ ਵੀ ਦੱਸਣਯੋਗ ਹੈ ਕਿ ਰੂਸ ਦੀ ਇਸ ਕਾਰਵਾਈ ਕਾਰਨ ਯੂਰਪ ਵਿਚ ਵੱਡੀ ਪੱਧਰ ’ਤੇ ਜੰਗ ਛਿੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਨਾਲ ਹੀ ਜੰਗ ਨੂੰ ਰੋਕਣ ਲਈ ਸਮੁੱਚੀ ਦੁਨੀਆ ਵਿਚ ਯਤਨ ਵੀ ਸ਼ੁਰੂ ਹੋ ਗਏ ਹਨ।