
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ '100 ਫ਼ੀ ਸਦੀ' ਵਿਸ਼ਵਾਸ ਦਿਵਾਇਆ ਹੈ ਕਿ ਉਹ ਪੀ.ਡੀ.ਪੀ.-ਭਾਜਪਾ ਗਠਜੋੜ.
ਨਵੀਂ ਦਿੱਲੀ, 11 ਅਗੱਸਤ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ '100 ਫ਼ੀ ਸਦੀ' ਵਿਸ਼ਵਾਸ ਦਿਵਾਇਆ ਹੈ ਕਿ ਉਹ ਪੀ.ਡੀ.ਪੀ.-ਭਾਜਪਾ ਗਠਜੋੜ ਸਰਕਾਰ ਦੇ ਏਜੰਡੇ ਦੀ ਪਿੱਠ 'ਤੇ ਖੜੇ ਹਨ ਅਤੇ ਧਾਰਾ 370 ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਵੇਗੀ।
ਮਹਿਬੂਬਾ ਨੇ ਪ੍ਰਧਾਨ ਮੰਤਰੀ ਨਾਲ ਅੱਜ ਅਜਿਹੇ ਸਮੇਂ ਮੁਲਾਕਾਤ ਕੀਤੀ ਜਦੋਂ ਕਿਆਸੇ ਲਾਏ ਜਾ ਰਹੇ ਹਨ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨਕ ਪ੍ਰਬੰਧ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਮਹਿਬੂਬਾ ਹਮਾਇਤ ਇਕੱਠੀ ਕਰ ਰਹੀ ਹੈ। ਕਰੀਬ 15 ਮਿੰਟ ਦੀ ਬੈਠਕ ਮਗਰੋਂ ਮਹਿਬੂਬਾ ਨੇ ਕਿਹਾ ਕਿ ਪੀ.ਡੀ.ਪੀ. ਅਤੇ ਭਾਜਪਾ ਵਿਚਾਲੇ ਗਠਜੋੜ ਦੇ ਏਜੰਡੇ ਮੁਤਾਬਕ ਧਾਰਾ 370 ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ, ''ਇਹ ਏਜੰਡੇ ਦੀ ਬੁਨਿਆਦ ਹੈ ਅਤੇ ਕੋਈ ਵੀ ਇਸ ਦੇ ਵਿਰੁਧ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਦਾ ਜਵਾਬ ਵੀ ਹਾਂਪੱਖੀ ਰਿਹਾ ਜਿਨ੍ਹਾਂ ਨੇ ਗਠਜੋੜ ਸਰਕਾਰ ਦੇ ਏਜੰਡੇ ਬਾਰੇ '100 ਫ਼ੀ ਸਦੀ' ਵਿਸ਼ਵਾਸ ਦਿਵਾਇਆ ਹੈ।'' ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਮੁਸਲਮਾਨਾਂ ਦੀ ਬਹੁਗਿਣਤੀ ਵਾਲਾ ਇਲਾਕਾ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ਨੇ ਭਾਰਤ ਨਾਲ ਜੁੜਨ ਦਾ ਫ਼ੈਸਲਾ ਕੀਤਾ ਸੀ। ਜੰਮੂ-ਕਸ਼ਮੀਰ ਦੀ ਵੰਨ-ਸੁਵੰਨਤਾ ਹੋਰਨਾਂ ਰਾਜਾਂ ਤੋਂ ਵਖਰੀ ਹੈ ਜਿਥੇ ਬਹੁਗਿਣਤੀ ਮੁਸਲਮਾਨਾਂ ਨਾਲ ਹਿੰਦੂ ਅਤੇ ਸਿੱਖ ਵੀ ਰਹਿੰਦੇ ਹਨ।
ਮੁੱਖ ਮੰਤਰੀ ਨੇ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਜਿਨ੍ਹਾਂ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।'' ਉਨ੍ਹਾਂ ਆਖਿਆ ਕਿ ਅਜਿਹੇ ਵਿਚ ਧਾਰਾ 35ਏ ਬਾਰੇ ਚਰਚਾ ਕਰਨ ਨਾਲ ਅਮਨ-ਸ਼ਾਂਤੀ 'ਤੇ ਮਾੜਾ ਅਸਰ ਪਵੇਗਾ। ਇਥੇ ਦਸਣਾ ਬਣਦਾ ਹੈ ਕਿ ਜੰਮੂ-ਕਸ਼ਮੀਰ ਦੀ ਭਾਜਪਾ ਇਕਾਈ ਦੇ ਬੁਲਾਰੇ ਵੀਰੇਂਦਰ ਗੁਪਤਾ ਨੇ ਕਲ ਕਿਹਾ ਸੀ ਕਿ ਧਾਰਾ 370 ਅਤੇ 35ਏ ਨੂੰ ਖ਼ਤਮ ਕਰਨ ਦਾ ਵੇਲਾ ਆ ਗਿਆ ਹੈ।
ਧਾਰਾ 35ਏ ਨੂੰ ਇਕ ਗ਼ੈਰ ਸਰਕਾਰੀ ਜਥੇਬੰਦੀ ਵਲੋਂ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਗਈ ਅਤੇ ਮਹਿਬੂਬਾ ਮੁਫ਼ਤੀ ਨੇ ਪਿਛਲੇ ਹਫ਼ਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨਾਲ ਮੁਲਾਕਾਤ ਕਰ ਕੇ ਇਸ ਮੁੱਦੇ 'ਤੇ ਹਮਾਇਤ ਮੰਗੀ ਸੀ। (ਏਜੰਸੀ)