
ਪਾਕਿਸਤਾਨੀ ਫ਼ੌਜ ਦੁਆਰਾ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਸਰਹੱਦੀ ਪਿੰਡਾਂ ਅਤੇ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ..
ਜੰਮੂ, 12 ਅਗੱਸਤ : ਪਾਕਿਸਤਾਨੀ ਫ਼ੌਜ ਦੁਆਰਾ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਸਰਹੱਦੀ ਪਿੰਡਾਂ ਅਤੇ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ 40 ਸਾਲਾ ਔਰਤ ਦੀ ਮੌਤ ਹੋ ਗਈ।
ਰਖਿਆ ਬੁਲਾਰੇ ਨੇ ਦਸਿਆ, 'ਪਾਕਿਸਤਾਨੀ ਫ਼ੌਜ ਨੇ ਬਿਨਾਂ ਉਕਸਾਵੇ ਕੰਟਰੋਲ ਰੇਖਾ ਲਾਗੇ ਸਵੇਰੇ ਕਰੀਬ ਸਵਾ ਪੰਜ ਵਜੇ ਛੋਟੇ ਅਤੇ ਸਵੈਚਾਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਮੋਰਟਾਰ ਦੇ ਗੋਲੇ ਸੁੱਟੇ।'
ਸਰਹੱਦੀ ਚੌਕੀਆਂ 'ਤੇ ਤੈਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਦਾ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਕਰੀਬ ਛੇ ਵਜੇ ਦੋਹਾਂ ਪਾਸਿਉਂ ਗੋਲੀਬਾਰੀ ਰੁਕ ਗਈ।
ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਸਵੇਰੇ ਕਰੀਬ ਪੰਜ ਵਜੇ ਸਰਹੱਦ ਪਾਰ ਤੋਂ ਸੁੱਟੇ ਗਏ ਮੋਰਟਾਰ ਦੇ ਗੋਲੇ ਗੋਹਲਾਦ ਕਲਰਾਂ ਪਿੰਡ ਵਿਚ ਰਹਿਣ ਵਾਲੇ ਮੁਹੰਮਦ ਸ਼ਬੀਰ ਦੇ ਘਰ ਲਾਗੇ ਡਿੱਗੇ ਜਿਨ੍ਹਾਂ ਵਿਚ ਧਮਾਕਾ ਹੋਣ ਨਾਲ ਸ਼ਬੀਰ ਦੀ ਪਤਨੀ ਰਾਕਿਆ ਬੀ ਦੀ ਮੌਤ ਹੋ ਗਈ। ਅੱਠ ਅਗੱਸਤ ਨੂੰ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾਘਾਟੀ ਸੈਕਟਰ ਵਿਚ ਪਾਕਿਸਤਾਨੀ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਸਿਪਾਹੀ ਪਵਨ ਸਿੰਘ ਸੁਗਰਾ ਮਾਰਿਆ ਗਿਆ ਸੀ। ਇਸ ਸਾਲ ਇਕ ਅਗੱਸਤ ਤਕ ਪਾਕਿਸਤਾਨੀ ਫ਼ੌਜ ਦੁਆਰਾ 285 ਵਾਰ ਗੋਲਬੰਦੀ ਦੀ ਉਲੰਘਣਾ ਕੀਤੀ ਗਈ ਹੈ। ਸਾਲ 2016 ਵਿਚ ਇਹ ਅੰਕੜਾ 228 ਤੋਂ ਕਾਫ਼ੀ ਘੱਟ ਸੀ।
(ਏਜੰਸੀ)