
ਯੂ.ਪੀ. 'ਚ ਹੋਣ ਵਾਲੀਆਂ ਪਹਿਲੇ ਤੇ ਦੂਜੇ ਗੇੜ ਦੀਆਂ ਚੋਣਾਂ 'ਚ ਪ੍ਰਚਾਰ ਕਰਨਗੇ
ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ 'ਚ ਪਾਰਟੀ ਦੇ ਪ੍ਰਚਾਰ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 40 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਥਾਂ ਮਿਲੀ ਹੈ।
ਪਾਰਟੀ ਦੇ 40 ਸਟਾਰ ਪ੍ਰਚਾਰਕ ਯੂ.ਪੀ. ਵਿੱਚ ਹੋਣ ਵਾਲੀਆਂ ਪਹਿਲੇ ਤੇ ਦੂਜੇ ਗੇੜ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਨਗੇ। ਇਨ੍ਹਾਂ ਵਿੱਚੋਂ ਕੈਪਟਨ ਨੂੰ 12ਵੇਂ ਅਤੇ ਸਿੱਧੂ ਨੂੰ 21ਵੇਂ ਨੰਬਰ ’ਤੇ ਰੱਖਿਆ ਗਿਆ ਹੈ। ਕਾਂਗਰਸ ਨੇ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਜਿੱਤੀਆਂ ਸੀ, ਉਨ੍ਹਾਂ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਲਈ ਭੇਜਿਆ ਜਾ ਰਿਹਾ ਹੈ।
List of 40 star campaigners
ਕੁਝ ਮਹੀਨੇ ਪਹਿਲਾਂ ਰਾਜ ਸਭਾ ਵਿੱਚ ਹੋਏ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਵੀ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਨੇ ਕਈ ਇਲਾਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਰਾਜਸਥਾਨ ਵਿੱਚ ਜ਼ਿਆਦਾਤਰ ਰੈਲੀਆਂ ਨੂੰ ਸੰਬੋਧਨ ਕਰਨ ਕਰਕੇ ਸਿੱਧੂ ਦਾ ਗਲਾ ਵੀ ਖਰਾਬ ਹੋ ਗਿਆ ਸੀ। ਕ੍ਰਿਕੇਟਰ ਹੋਣ ਦੇ ਨਾਲ-ਨਾਲ ਸਿੱਧੂ ਆਪਣੇ ਤੰਜ ਤੇ ਸ਼ਾਇਰੀ ਕਰ ਕੇ ਵੀ ਲੋਕਾਂ ਵਿੱਚ ਕਾਫੀ ਮਕਬੂਲ ਹਨ ਪਰ ਹਾਲ ਹੀ ਵਿੱਚ ਪੁਲਵਾਮਾ ਹਮਲੇ ’ਤੇ ਦਿੱਤੇ ਵਿਵਾਦਤ ਬਿਆਨ ਕਰ ਕੇ ਸਿੱਧੂ ਨੂੰ ਵਿਰੋਧੀ ਦਲਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸੀ।
ਇਸ ਸੂਚੀ 'ਚ ਜਯੋਤੀਰਾਦਿਤਿਆ ਸਿੰਧਿਆ, ਸਚਿਨ ਪਾਇਲਟ, ਆਰ.ਪੀ.ਐਨ. ਸਿੰਘ, ਜਤਿਨ ਪ੍ਰਸਾਦ, ਗੁਲਾਮ ਨਵੀ ਆਜ਼ਾਦ, ਅਸ਼ੋਕ ਗਹਿਲੋਤ ਅਤੇ ਹਾਰਦਿਕ ਪਟੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ਼ ਤੋਂ ਇਲਾਵਾ ਆਪਣੀ ਸ਼ਾਇਰੀ ਅਤੇ ਕਵਿਤਾਵਾਂ ਨਾਲ ਨੌਜਵਾਨਾਂ 'ਚ ਖ਼ਾਸ ਪਛਾਣ ਬਣਾ ਚੁੱਕੇ ਇਮਰਾਨ ਪ੍ਰਤਾਪਗੜ੍ਹੀ ਨੂੰ ਵੀ ਸਟਾਰ ਪ੍ਰਚਾਰਕਾਂ 'ਚ ਥਾਂ ਮਿਲੀ ਹੈ।