
ਔਰਤ ਵਲੋਂ ਵਿਰੋਧ ਕਰਨ 'ਤੇ ਪੱਥਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
ਰਿਸ਼ੀਕੇਸ਼: ਉੱਤਰਾਖੰਡ ਵਿੱਚ ਮਹਿਮਾਨਾਂ ਦਾ ਸਨਮਾਨ ਕਰਨ ਦੀ ਪਰੰਪਰਾ ਹੈ ਪਰ ਕੁਝ ਲੋਕ ਇਸ ਦੇ ਅਕਸ ਨੂੰ ਢਾਹ ਲਗਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਮਾਮਲਾ ਰਿਸ਼ੀਕੇਸ਼ ਦਾ ਹੈ, ਜਿੱਥੇ ਸਹਾਰਨਪੁਰ ਦੇ ਇੱਕ ਲੜਕੇ ਨੇ ਇੱਕ ਵਿਦੇਸ਼ੀ ਔਰਤ ਨਾਲ ਛੇੜਛਾੜ ਕੀਤੀ। ਔਰਤ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ 'ਤੇ ਪੱਥਰ ਨਾਲ ਹਮਲਾ ਕਰ ਦਿੱਤਾ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਉਸ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਰੂਸ ਤੋਂ ਆਈ ਇੱਕ ਮਹਿਲਾ ਸੈਲਾਨੀ ਭੂਤਨਾਥ ਮੰਦਰ ਕੋਲੋਂ ਲੰਘ ਰਹੀ ਸੀ। ਉਦੋਂ ਹੀ ਇਕ ਨੌਜਵਾਨ ਦੀ ਨਜ਼ਰ ਔਰਤ 'ਤੇ ਪਈ। ਉਸ ਨੇ ਔਰਤ ਨਾਲ ਜ਼ਬਰਦਸਤੀ ਗੱਲਬਾਤ ਕਰ ਕੇ ਉਸ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਮਹਿਲਾ ਸੈਲਾਨੀ ਨੇ ਨੌਜਵਾਨ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਸ ਨੇ ਮਹਿਲਾ ਸੈਲਾਨੀ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਉਸ ਨਾਲ ਛੇੜਛਾੜ ਵੀ ਕੀਤੀ। ਜਦੋਂ ਮਹਿਲਾ ਸੈਲਾਨੀ ਨੇ ਵਿਰੋਧ ਕੀਤਾ ਤਾਂ ਲੜਕੇ ਨੇ ਉਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹ ਜ਼ਖਮੀ ਹੋ ਗਈ।
ਔਰਤ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਮਹਿਲਾ ਸੈਲਾਨੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਮੌਕੇ 'ਤੇ ਲੋਕਾਂ ਦੇ ਆਉਣ ਤੋਂ ਬਾਅਦ ਮੁਲਜ਼ਮ ਜੰਗਲ ਵੱਲ ਭੱਜ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ।
ਪੁਲਿਸ ਵਲੋਂ ਸੀਸੀਟੀਵੀ ਫੁਟੇਜ ਵੀ ਖੰਘਾਲੀ ਗਈ। ਜਿਸ ਵਿੱਚ ਨੌਜਵਾਨ ਜੰਗਲ ਵੱਲ ਭੱਜਦਾ ਨਜ਼ਰ ਆ ਰਿਹਾ ਸੀ। ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ ਸਹਾਰਨਪੁਰ ਦੇ ਤਿਤਰੋ ਕਸਬੇ ਦੇ ਰਹਿਣ ਵਾਲੇ ਅਨੁਜ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਚਾਰ ਦਿਨ ਪਹਿਲਾਂ ਰਿਸ਼ੀਕੇਸ਼ ਘੁੰਮਣ ਆਇਆ ਸੀ। ਛੇੜਛਾੜ ਦੀ ਘਟਨਾ ਤੋਂ ਬਾਅਦ ਉਹ ਜੰਗਲ ਵਿੱਚ ਝਾੜੀਆਂ ਵਿੱਚ ਲੁਕ ਗਿਆ ਸੀ। ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।