
ਚੋਣਾਂ ’ਚ ਰਾਹੁਲ ਨੂੰ ਬਦਨਾਮ ਕਰ ਲਾਹਾ ਲੈਣ ਦੀ ਹੋ ਰਹੀ ਸੀ ਕੋਸ਼ਿਸ਼
ਚੰਡੀਗੜ੍ਹ: ਚੋਣ ਬਿਗੁਲ ਵੱਜ ਚੁੱਕਿਆ ਹੈ ਤੇ ਵਿਸ਼ਵ ਦੀ ਸਭ ਤੋਂ ਵੱਡੀ ਚੋਣ ਲਗਭੱਗ ਅੱਧਵਾਟੇ ਪਹੁੰਚ ਚੁੱਕੀ ਹੈ। 7 ਪੜਾਵਾਂ ਵਿਚ ਹੋਣ ਵਾਲੀਆਂ ਚੋਣਾਂ ਦੇ ਤਿੰਨ ਪੜਾਅ ਨਿਕਲ ਚੁੱਕੇ ਹਨ ਤੇ ਚਾਰ ਬਾਕੀ ਹਨ। ਆਉਂਦੀ 29 ਅਪ੍ਰੈਲ ਨੂੰ ਚੌਥੇ ਪੜਾਅ ਵਿਚ ਵੋਟਾਂ ਪੈਣਗੀਆਂ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਇੰਝ ਜਾਪਦਾ ਹੈ ਕਿ ਸੱਤਾਧਾਰੀ ਪਾਰਟੀ ਤੇ ਉਸ ਦੇ ਸਮਰਥਕ ਤਰਲੋ ਮੱਛੀ ਹੋ ਰਹੇ ਹਨ। ਇਸੇ ਬੇਚੈਨੀ ਵਿਚ ਵਿਰੋਧੀ ਧਿਰ ਤੇ ਵਿਰੋਧੀ ਨੇਤਾਵਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਖ਼ੂਬ ਤੇਜ਼ ਹੋ ਰਹੀਆਂ ਹਨ। ਕੂੜ ਪ੍ਰਚਾਰ ਦਾ ਸਭ ਤੋਂ ਵੱਡਾ ਨਿਸ਼ਾਨਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜਾਪਦੇ ਹਨ।
Rahul Gandhi
ਉਨ੍ਹਾਂ ਬਾਰੇ ਸੋਸ਼ਲ ਮੀਡੀਆ ’ਤੇ ਪਿਛਲੇ ਸਮੇਂ ਵਿਚ ਕਈ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਸੇ ਕੜੀ ਵਿਚ ਇਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿਚ ਰਾਹੁਲ ਗਾਂਧੀ ਇਕ ਔਰਤ ਨਾਲ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰ ਮੁਤਾਬਕ, ਇਹ ਔਰਤ ਉਨ੍ਹਾਂ ਦੀ ਕੋਲੰਬੀਅਨ ਘਰਵਾਲੀ ਹੈ ਤੇ ਇਸ ਨਾਲ ਉਨ੍ਹਾਂ ਦਾ ਇਕ 14 ਸਾਲ ਦਾ ਮੁੰਡਾ ਹੈ ਤੇ 10 ਸਾਲ ਦੀ ਕੁੜੀ ਵੀ ਹੈ। ਅਫ਼ਵਾਹ ਮੁਤਾਬਕ, ਇਹ ਖ਼ਬਰ ਵਿਕੀਲੀਕਸ ਨੇ ਜਾਰੀ ਕੀਤੀ ਹੈ ਕਿ ਰਾਹੁਲ ਗਾਂਧੀ ਦਾ ਪਰਵਾਰ ਲੰਦਨ ਵਿਖੇ ਰਹਿੰਦਾ ਹੈ।
ਗੂਗਲ ਦਾ ਰਿਵਰਸ ਇਮੇਜ ਸਰਚ ਫੀਚਰ ਵਰਤ ਕੇ ਰੋਜ਼ਾਨਾ ‘ਸਪੋਕਸਮੈਨ’ ਨੇ ਇਸ ਤਸਵੀਰ ਦੀ ਅਸਲੀਅਤ ਪਤਾ ਕੀਤੀ। ਸਰਚ ਕਰਨ ਉਤੇ ਪਤਾ ਚੱਲਿਆ ਕਿ ਇਹ ਔਰਤ ਸਪੈਨਿਸ਼ ਅਦਾਕਾਰਾ ਅਤੇ ਰਾਜਨੀਤੀ ਵਿਗਿਆਨੀ ਨੇਤਾਲੀਆ ਰੈਮੌਸ ਹੈ। ਵਾਇਰਲ ਕੀਤੀ ਗਈ ਤਸਵੀਰ ਇਸ ਅਦਾਕਾਰਾ ਵਲੋਂ ਸਾਲ 2017 ਵਿਚ ਅਪਣੇ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ’ਤੇ ਪਾਈ ਗਈ ਸੀ। ਇਸ ਤਸਵੀਰ ਹੇਠਾਂ ਉਸ ਨੇ ਲਿਖਿਆ ਕਿ ਬਰਗਰੂਅਨ ਇੰਸਟੀਚਿਊਟ ਵਲੋਂ ਕਰਵਾਏ ਗਏ ਆਈਡੀਆਜ਼ ਮੈਟਰ ਨਾਂਅ ਦੇ ਪ੍ਰੋਗਰਾਮ ’ਤੇ ਇਹ ਤਸਵੀਰ ਖਿੱਚੀ ਗਈ ਸੀ, ਜਿੱਥੇ ਕਿ ਪੂਰੇ ਵਿਸ਼ਵ ਵਿਚੋਂ ਕਈ ਲੋਕਾਂ ਨੇ ਸ਼ਿਰਕਤ ਕੀਤੀ ਸੀ।
Nathalia Ramos
ਵਿਕੀਲੀਕਸ ਦੇ ਡਾਟਾਬੇਸ ’ਤੇ ਵੀ ਰਾਹੁਲ ਗਾਂਧੀ ਦੇ ਨਿੱਜੀ ਜ਼ਿੰਦਗੀ ਬਾਰੇ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋਕਸਭਾ ਚੋਣਾਂ 2019 ਵਿਚ ਨਾਮਜ਼ਦਗੀ ਪੱਤਰ ਭਰਨ ਵੇਲੇ ਦਿਤੇ ਗਏ ਫ਼ਾਰਮ ਵਿਚ ਜੀਵਨ ਸਾਥੀ ਬਾਰੇ ਮੰਗੀ ਗਈ ਜਾਣਕਾਰੀ ਵਿਚ ਰਾਹੁਲ ਗਾਂਧੀ ਨੇ ‘ਨਾਟ ਐਪਲੀਕੇਬਲ’ ਲਿਖਿਆ ਹੈ। ਚੋਣਾਂ ਦੌਰਾਨ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਬਾਜ਼ਾਰ ਖ਼ੂਬ ਗਰਮ ਹੈ। ਇਸ ਕਰਕੇ ਆਮ ਜਨਤਾ ਨੂੰ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਹਰ ਦਾਅਵੇ ਦੀ ਜਾਂਚ ਪੜਤਾਲ ਖ਼ੁਦ ਕਰ ਲੈਣੀ ਚਾਹੀਦੀ ਹੈ।