
ਅਸੀਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਾਰਟੀ ਲਈ ਕੀਤੇ ਗਏ ਯਤਨਾਂ ਅਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ - ਸੁਰਜੇਵਾਲਾ
ਨਵੀਂ ਦਿੱਲੀ - ਆਖਿਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਹੀ ਦਿੱਤਾ। ਪਿਛਲੇ 15 ਦਿਨਾਂ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਪ੍ਰਸ਼ਾਂਤ ਕਾਂਗਰਸ ਵਿਚ ਸ਼ਾਮਲ ਹੋਣਗੇ ਪਰ ਹੁਣ ਖੁਦ ਪ੍ਰਸ਼ਾਂਤ ਕਿਸ਼ੋਰ ਨੇ ਇਸ 'ਤੇ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਮੇਰੀ ਨਹੀਂ, ਸਗੋਂ ਚੰਗੀ ਲੀਡਰਸ਼ਿਪ ਅਤੇ ਵਿਆਪਕ ਬਦਲਾਅ ਦੀ ਲੋੜ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 600 ਪੰਨਿਆਂ ਦੀ ਪੇਸ਼ਕਾਰੀ ਦਿਖਾਈ ਸੀ। ਉਦੋਂ ਸੋਨੀਆ ਨੇ ਪੀਕੇ ਨੂੰ ਪਾਰਟੀ 'ਚ ਸ਼ਾਮਲ ਕਰਨ 'ਤੇ 8 ਮੈਂਬਰੀ ਕਮੇਟੀ ਤੋਂ ਸਲਾਹ ਮੰਗੀ ਸੀ। ਕਮੇਟੀ ਨੇ ਸਲਾਹ ਦਿੱਤੀ ਸੀ ਕਿ ਜੇਕਰ ਪ੍ਰਸ਼ਾਂਤ ਕਾਂਗਰਸ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਾਕੀਆਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ।
ਮੰਗਲਵਾਰ ਨੂੰ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ - ਕਾਂਗਰਸ ਪ੍ਰਧਾਨ ਨੇ ਇੱਕ ਏਮਪਾਵਰਡ ਐਕਸ਼ਨ ਗਰੁੱਪ 2024 ਦਾ ਗਠਨ ਕੀਤਾ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰੀ ਦਿੰਦੇ ਹੋਏ ਸਮੂਹ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਪਰ, ਉਹਨਾਂ ਨੇ ਇਨਕਾਰ ਕਰ ਦਿੱਤਾ। ਅਸੀਂ ਉਨ੍ਹਾਂ ਵੱਲੋਂ ਪਾਰਟੀ ਲਈ ਕੀਤੇ ਗਏ ਯਤਨਾਂ ਅਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ।
ਸੁਰਜੇਵਾਲਾ ਦੇ ਬਿਆਨ ਤੋਂ ਬਾਅਦ ਪੀਕੇ ਨੇ ਖੁਦ ਸਪੱਸ਼ਟ ਕੀਤਾ ਕਿ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਨੇ ਲਿਖਿਆ- ਮੈਂ ਈਏਜੀ (ਇੰਪਾਵਰਡ ਐਕਸ਼ਨ ਗਰੁੱਪ) ਦਾ ਹਿੱਸਾ ਬਣਨ, ਪਾਰਟੀ ਵਿਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੀ ਕਾਂਗਰਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮੇਰੇ ਹਿਸਾਬ ਨਾਲ ਪਾਰਟੀ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਂਗਰਸ ਨੂੰ ਮੇਰੇ ਨਾਲੋਂ ਵੱਧ ਲੀਡਰਸ਼ਿਪ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ।
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਏਮਪਾਵਰਡ ਐਕਸ਼ਨ ਗਰੁੱਪ ਤੈਅ ਕਰੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਕੀ ਨੀਤੀ ਹੋਵੇਗੀ।
ਸੋਮਵਾਰ ਨੂੰ 10 ਜਨਪਥ 'ਤੇ ਹੋਈ ਬੈਠਕ 'ਚ ਕਾਂਗਰਸ ਨੇ ਭਵਿੱਖ ਨੂੰ ਲੈ ਕੇ ਵੱਡਾ ਫੈਸਲਾ ਲਿਆ ਸੀ ਜਿਸ ਤਹਿਤ ਕਾਂਗਰਸ ਵਲੋਂ 6 ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹਨਾਂ ਸਾਰੀਆਂ ਕਮੇਟੀਆਂ ਦੇ ਵੱਖ-ਵੱਖ ਕਨਵੀਨਰ ਮਲਿਕਾਰਜੁਨ ਖੜਗੇ, ਸਲਮਾਨ ਖੁਰਸ਼ੀਦ, ਪੀ ਚਿਦੰਬਰਮ, ਮੁਕੁਲ ਵਾਸਨਿਕ, ਭੁਪਿੰਦਰ ਸਿੰਘ ਹੁੱਡਾ ਅਤੇ ਅਮਰਿੰਦਰ ਸਿੰਘ ਵੜਿੰਗ ਇਨ੍ਹਾਂ ਸਾਰੀਆਂ ਕਮੇਟੀਆਂ ਦੇ ਵੱਖਰੇ ਕਨਵੀਨਰ ਵਜੋਂ ਕੰਮ ਕਰਨਗੇ।