
ਬ੍ਰਿਜਭੂਸ਼ਣ ਸਿੰਘ ਨੇ ਇਸ ਮਾਮਲੇ ’ਚ ਅਗਲੇਰੀ ਜਾਂਚ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕੀਤੀ ਸੀ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ, ਜਿਸ ’ਚ ਜਿਨਸੀ ਸੋਸ਼ਣ ਮਾਮਲੇ ਦੀ ਹੋਰ ਜਾਂਚ ਦੀ ਮੰਗ ਕੀਤੀ ਗਈ ਸੀ। ਛੇ ਮਹਿਲਾ ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ।
ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏ.ਸੀ.ਐੱਮ.ਐੱਮ.) ਪ੍ਰਿਯੰਕਾ ਰਾਜਪੂਤ ਨੇ ਪਟੀਸ਼ਨ ਖਾਰਜ ਕਰ ਦਿਤੀ ਅਤੇ ਇਸ ਮਾਮਲੇ ’ਚ ਬ੍ਰਿਜਭੂਸ਼ਣ ਵਿਰੁਧ ਦੋਸ਼ ਤੈਅ ਕਰਨ ਦੇ ਹੁਕਮ ਲਈ 7 ਮਈ ਦੀ ਤਰੀਕ ਤੈਅ ਕੀਤੀ। ਬ੍ਰਿਜਭੂਸ਼ਣ ਸਿੰਘ ਨੇ ਇਸ ਮਾਮਲੇ ’ਚ ਅਗਲੇਰੀ ਜਾਂਚ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਘਟਨਾ ਵਾਲੇ ਦਿਨ ਉਹ ਭਾਰਤ ਵਿਚ ਨਹੀਂ ਸੀ, ਜਿਸ ਵਿਚ ਇਕ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੂੰ ਡਬਲਿਊ.ਐੱਫ.ਆਈ. ਦਫਤਰ ਵਿਚ ਤਸੀਹੇ ਦਿਤੇ ਗਏ ਸਨ।