
ਕਿਹਾ, ਪਹਿਲਗਾਮ ਦੀ ਘਟਨਾ ਨੇ ਦਿਖਾਇਆ ਅੱਤਵਾਦੀਆਂ ਦਾ ਵੀ ਹੁੰਦੈ ਧਰਮ
ਪਹਿਲਗਾਮ ਅੱਤਵਾਦੀ ਹਮਲੇ ’ਚ ਜ਼ਖਮੀ ਹੋਏ ਪੱਛਮੀ ਬੰਗਾਲ ਦੇ ਅਧਿਆਪਕ ਸਾਬੀਰ ਹੁਸੈਨ ਨੇ ਇਸਲਾਮ ਤਿਆਗਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਹੈ ਕਿ ਕਿਵੇਂ ਧਰਮ ਨੂੰ ਹਿੰਸਾ ਫੈਲਾਉਣ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਕਸ਼ਮੀਰ ਵਿਚ ਇਹ ਕਈ ਵਾਰ ਹੋਇਆ ਹੈ। ਮੈਂ ਇਸ ਨੂੰ ਹੋਰ ਨਹੀਂ ਸਹਿ ਸਕਦਾ। 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਜੋ ਕੁਝ ਹੋਇਆ, ਸ਼ਾਇਦ ਹੀ ਕੋਈ ਇਸ ਨੂੰ ਭੁੱਲ ਸਕੇਗਾ।
ਅੱਤਵਾਦੀਆਂ ਨੇ 28 ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਬੇਰਹਿਮੀ ਨਾਲ ਮਾਰ ਦਿਤਾ। ਇਸ ਹਮਲੇ ਵਿਚ ਕਈ ਹੋਰ ਸੈਲਾਨੀ ਵੀ ਜ਼ਖ਼ਮੀ ਹੋਏ ਹਨ। ਉਹ ਇੱਥੇ ਚੰਗੀਆਂ ਯਾਦਾਂ ਨੂੰ ਸੰਭਾਲਣ ਲਈ ਆਏ ਸਨ, ਪਰ ਕੌਣ ਜਾਣਦਾ ਹੈ ਕਿ ਕਿੰਨੇ ਪਰਿਵਾਰਾਂ ਨੇ ਇੱਥੇ ਆਪਣੇ ਪਿਆਰਿਆਂ ਨੂੰ ਹਮੇਸ਼ਾ ਲਈ ਖੋ ਦਿਤਾ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਹੈ। ਇਸ ਦੌਰਾਨ, ਇਸ ਹਮਲੇ ਤੋਂ ਨਿਰਾਸ਼ ਹੋ ਕੇ, ਪੱਛਮੀ ਬੰਗਾਲ ਦੇ ਇਕ ਮੁਸਲਿਮ ਅਧਿਆਪਕ ਸਾਬੀਰ ਹੁਸੈਨ ਨੇ ਇਸਲਾਮ ਛੱਡਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਪੋਸਟ ’ਚ ਕਿਹਾ ਕਿ ਇਕ ਅਧਿਆਪਕ ਵਜੋਂ ਮੈਂ ਇਸ ਘਟਨਾ ਨੂੰ ਲੈ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ, ਇਸ ਲਈ ਮੈਂ ਇਸ ਤਰ੍ਹਾਂ ਦਾ ਮੁਸ਼ਕਲ ਫ਼ੈਸਲਾ ਲੈਣ ਲਈ ਮਜਬੂਰ ਹੋਇਆ ਹਾਂ। ਹਾਲਾਂਕਿ, ਮੇਰਾ ਕਿਸੇ ਵੀ ਧਰਮ ਦੀ ਬੇਇਜ਼ਤੀ ਕਰਨ ਅਤੇ ਸਮਾਜ ’ਚ ਕਿਸੇ ਤਰ੍ਹਾਂ ਦਾ ਨਫ਼ਰਤ ਫ਼ੈਲਾਉਣ ਦਾ ਕੋਈ ਟੀਚਾ ਨਹੀਂ ਂਹੈ। ਜੇ ਮੁਸਲਮਾਨ ਅਜਿਹੇ ਹੁੰਦੇ ਹਨ ਤਾਂ ਮੈਂ ਮੁਸਲਮਾਨ ਨਹੀਂ ਰਹਿਣਾ ਚਾਹੁੰਦਾ।
ਉਨ੍ਹਾਂ ਕਿਹਾ ਕਿ ਮੈਂ ਹੁਣ ਤਕ ਜਾਣਦਾ ਸੀ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਉਹ ਬਿਨਾਂ ਸੋਚੇ-ਸਮਝੇ ਕਤਲ ਕਰਦੇ ਹਨ ਪਰ ਪਹਿਲਗਾਮ ਦੀ ਘਟਨਾ ਨੇ ਦਿਖਾਇਆ ਹੈ ਕਿ ਉਨ੍ਹਾਂ ਦਾ ਵੀ ਧਰਮ ਹੁੰਦਾ ਹੈ।’