
UP Factory Explosion: ਪੂਰੀ ਇਮਾਰਤ ਹੋਈ ਢਹਿ ਢੇਰੀ
UP Saharanpur firecracker factory Explosion : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਦੇਵਬੰਦ ਵਿੱਚ ਅੱਜ ਸਵੇਰੇ ਇੱਕ ਪਟਾਕਾ ਫ਼ੈਕਟਰੀ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਘਟਨਾ ਸਮੇਂ ਫ਼ੈਕਟਰੀ ਦੇ ਅੰਦਰ 10 ਤੋਂ ਵੱਧ ਲੋਕ ਮੌਜੂਦ ਸਨ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਢਹਿ ਗਈ। ਲਾਸ਼ਾਂ ਦੇ ਟੁਕੜੇ 100 ਤੋਂ 150 ਮੀਟਰ ਦੂਰ ਤੱਕ ਡਿੱਗ ਪਏ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਸਮੇਂ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ।
ਹਾਦਸੇ ਦੀ ਸੂਚਨਾ ਮਿਲਦੇ ਹੀ ਕਈ ਪੁਲਿਸ ਥਾਣਿਆਂ ਦੀਆਂ ਫੋਰਸਾਂ ਮੌਕੇ 'ਤੇ ਪਹੁੰਚ ਗਈਆਂ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਹਾਦਸੇ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਾਈਵੇਅ ਜਾਮ ਕਰ ਦਿੱਤਾ। ਸੜਕ 'ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਇੱਕ ਗ਼ੈਰ-ਕਾਨੂੰਨੀ ਫੈਕਟਰੀ ਚਲਾਈ ਜਾ ਰਹੀ ਸੀ। ਇਹ ਫ਼ੈਕਟਰੀ ਨਿਹਾਲਖੇੜੀ ਪਿੰਡ ਵਿੱਚ ਸਥਿਤ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਤੋਂ 50 ਕਿਲੋਮੀਟਰ ਅਤੇ ਦਿਓਬੰਦ ਤਹਿਸੀਲ ਤੋਂ ਲਗਭਗ 8 ਕਿਲੋਮੀਟਰ ਦੂਰ ਹੈ।