
ਦਰਅਸਲ ਉਹ ਉਸ ਜਗ੍ਹਾ ਤੋਂ ਸੰਤੁਸ਼ਟ ਨਹੀਂ ਸਨ ਜਿੱਥੇ ਉਹਨਾਂ ਨੂੰ ਪ੍ਰੋਗਰਾਮ ਵਿਚ ਬਿਠਾਇਆ ਜਾ ਰਿਹਾ ਸੀ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਡਾ. ਹਰਸ਼ਵਰਧਨ ਵੀਰਵਾਰ ਨੂੰ ਦਿੱਲੀ ਦੇ ਨਵੇਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਨਾਰਾਜ਼ ਹੋ ਕੇ ਵਾਪਸ ਪਰਤ ਗਏ। ਦਰਅਸਲ ਉਹ ਉਸ ਜਗ੍ਹਾ ਤੋਂ ਸੰਤੁਸ਼ਟ ਨਹੀਂ ਸਨ ਜਿੱਥੇ ਉਹਨਾਂ ਨੂੰ ਪ੍ਰੋਗਰਾਮ ਵਿਚ ਬਿਠਾਇਆ ਜਾ ਰਿਹਾ ਸੀ। ਅਜਿਹੇ 'ਚ ਉਹ ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਗਏ।
ਜਦੋਂ ਉਹਨਾਂ ਨੂੰ ਵਾਪਸ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਸੰਸਦ ਮੈਂਬਰਾਂ ਲਈ ਸੀਟ ਵੀ ਨਹੀਂ ਰੱਖੀ ਹੈ। ਇਹ ਕਹਿ ਕੇ ਉਹ ਗੁੱਸੇ 'ਚ ਚਲੇ ਗਏ। ਹਾਲਾਂਕਿ ਜਾਣ ਤੋਂ ਪਹਿਲਾਂ ਹਰਸ਼ਵਰਧਨ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕਿਹਾ ਕਿ ਉਹ ਉਪ ਰਾਜਪਾਲ ਨੂੰ ਬਦਇੰਤਜ਼ਾਮੀ ਦੀ ਸ਼ਿਕਾਇਤ ਕਰਨਗੇ। ਉਹਨਾਂ ਕਿਹਾ - 'ਮੈਂ ਇਸ ਬਾਰੇ ਵਿਨੇ ਸਕਸੈਨਾ ਨੂੰ ਲਿਖਾਂਗਾ।'
ਉਹਨਾਂ ਦੇ ਪ੍ਰੋਗਰਾਮ ਤੋਂ ਇੰਨੇ ਨਾਰਾਜ਼ ਹੋ ਕੇ ਚਲੇ ਜਾਣ ਤੋਂ ਬਾਅਦ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਪ ਰਾਜਪਾਲ ਦੇ ਸਹੁੰ ਚੁੱਕ ਸਮਾਗਮ ਵਾਲੀ ਥਾਂ 'ਤੇ ਸੋਫੇ ਲਗਾਏ ਜਾ ਰਹੇ ਹਨ। ਮਹਿਮਾਨਾਂ ਦੇ ਗੁੱਸੇ ਵਿਚ ਆਉਣ ਤੋਂ ਬਾਅਦ ਇਹ ਕਵਾਇਦ ਕੀਤੀ ਗਈ ਹੈ।
ਦੱਸ ਦੇਈਏ ਕਿ ਵਿਨੈ ਸਕਸੈਨਾ ਨੇ ਰਾਜ ਨਿਵਾਸ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਦਿੱਲੀ ਦੇ 22ਵੇਂ ਐਲਜੀ ਵਜੋਂ ਸਹੁੰ ਚੁੱਕੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਕੈਬਨਿਟ ਦੇ ਮੈਂਬਰ, ਵਿਧਾਨ ਸਭਾ ਦੇ ਸਪੀਕਰ, ਦਿੱਲੀ ਦੇ ਸਾਰੇ ਸੰਸਦ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਉਪ ਰਾਜਪਾਲ ਨੂੰ ਸਹੁੰ ਚੁਕਾਈ।