
ਪਾਬੰਦੀ ਨੇ ਸੂਬੇ ’ਚ 18 ਲੱਖ ਮਰਦਾਂ ਨੂੰ ਵਧੇਰੇ ਭਾਰ ਜਾਂ ਮੋਟਾਪੇ ਤੋਂ ਬਚਾਇਆ
ਨਵੀਂ ਦਿੱਲੀ: ਬਿਹਾਰ ’ਚ 2016 ’ਚ ਸ਼ਰਾਬ ’ਤੇ ਪਾਬੰਦੀ ਲਗਾਉਣ ਨਾਲ ਰੋਜ਼ਾਨਾ ਅਤੇ ਹਫਤਾਵਾਰੀ ਰੂਪ ’ਚ ਸ਼ਰਾਬ ਪੀਣ ਦੇ ਮਾਮਲਿਆਂ ’ਚ 24 ਲੱਖ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਸਾਥੀ ਵਲੋਂ ਹਿੰਸਾ ਦੇ ਮਾਮਲਿਆਂ ’ਚ 21 ਲੱਖ ਦੀ ਕਮੀ ਆਈ ਹੈ। ‘ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ ਜਰਨਲ’ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।
ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਪਾਬੰਦੀ ਨੇ ਸੂਬੇ ’ਚ 18 ਲੱਖ ਮਰਦਾਂ ਨੂੰ ਵਧੇਰੇ ਭਾਰ ਜਾਂ ਮੋਟਾਪੇ ਤੋਂ ਬਚਾਇਆ। ਖੋਜ ਟੀਮ ’ਚ ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਰੀਸਰਚ ਇੰਸਟੀਚਿਊਟ ਦੇ ਖੋਜਕਰਤਾ ਵੀ ਸ਼ਾਮਲ ਸਨ। ਖੋਜਕਰਤਾਵਾਂ ਨੇ ਕੌਮੀ ਅਤੇ ਜ਼ਿਲ੍ਹਾ ਪੱਧਰੀ ਸਿਹਤ ਅਤੇ ਘਰੇਲੂ ਸਰਵੇਖਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।
ਅਧਿਐਨ ਦੇ ਲੇਖਕਾਂ ਨੇ ਕਿਹਾ, ‘‘ਸਖਤ ਅਲਕੋਹਲ ਰੈਗੂਲੇਸ਼ਨ ਨੀਤੀਆਂ ਨਜ਼ਦੀਕੀ ਸਾਥੀ ਵਲੋਂ ਹਿੰਸਾ ਦੇ ਕਈ ਪੀੜਤਾਂ ਅਤੇ ਸ਼ਰਾਬ ਦੇ ਆਦੀ ਲੋਕਾਂ ਦੀ ਸਿਹਤ ਲਈ ਲਾਭਦਾਇਕ ਸਾਬਤ ਹੋਸਕਦੀਆਂ ਹਨ।’’
ਖੋਜਕਰਤਾਵਾਂ ਮੁਤਾਬਕ ਅਪ੍ਰੈਲ 2016 ’ਚ ਬਿਹਾਰ ਸ਼ਰਾਬ ’ਤੇ ਪਾਬੰਦੀ ਅਤੇ ਆਬਕਾਰੀ ਐਕਟ ਨੇ ਪੂਰੇ ਸੂਬੇ ’ਚ ਸ਼ਰਾਬ ਦੇ ਨਿਰਮਾਣ, ਆਵਾਜਾਈ, ਵਿਕਰੀ ਅਤੇ ਖਪਤ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਸੀ। ਇਸ ਦੇ ਸਖਤੀ ਨਾਲ ਲਾਗੂ ਹੋਣ ਨਾਲ ਇਹ ਪਾਬੰਦੀ ‘‘ਸਿਹਤ ਅਤੇ ਘਰੇਲੂ ਹਿੰਸਾ ਦੇ ਨਤੀਜਿਆਂ ’ਤੇ ਸਖਤ ਸ਼ਰਾਬ ਪਾਬੰਦੀ ਨੀਤੀ ਦੇ ਅਸਲ ਪ੍ਰਭਾਵ ਦਾ ਅੰਦਾਜ਼ਾ ਲਗਾਉਣ ਲਈ ਇਕ ਆਕਰਸ਼ਕ ਸੁਭਾਵਕ ਪ੍ਰਯੋਗ’’ ਬਣ ਗਈ ਹੈ।
ਅਧਿਐਨ ਦੇ ਲੇਖਕਾਂ ਨੇ ਕਿਹਾ, ‘‘ਪਾਬੰਦੀ ਤੋਂ ਪਹਿਲਾਂ ਬਿਹਾਰ ਦੇ ਮਰਦਾਂ ’ਚ ਸ਼ਰਾਬ ਦੀ ਖਪਤ 9.7 ਫੀ ਸਦੀ ਤੋਂ ਵਧ ਕੇ 15 ਫੀ ਸਦੀ ਹੋ ਗਈ ਸੀ, ਜਦਕਿ ਗੁਆਂਢੀ ਸੂਬਿਆਂ ’ਚ ਇਹ 7.2 ਫੀ ਸਦੀ ਤੋਂ ਵਧ ਕੇ 10.3 ਫੀ ਸਦੀ ਹੋ ਗਈ ਸੀ।’’
ਉਨ੍ਹਾਂ ਕਿਹਾ ਕਿ ਪਾਬੰਦੀ ਤੋਂ ਬਾਅਦ ਇਹ ਰੁਝਾਨ ਬਦਲ ਗਿਆ ਅਤੇ ਬਿਹਾਰ ’ਚ ਘੱਟੋ-ਘੱਟ ਹਫਤਾਵਾਰੀ ਸ਼ਰਾਬ ਦੀ ਖਪਤ ’ਚ 7.8 ਫੀ ਸਦੀ ਦੀ ਗਿਰਾਵਟ ਆਈ, ਜਦਕਿ ਗੁਆਂਢੀ ਸੂਬਿਆਂ ’ਚ ਇਹ ਵਧ ਕੇ 10.4 ਫੀ ਸਦੀ ਹੋ ਗਈ।
ਉਨ੍ਹਾਂ ਨੂੰ ਬਿਹਾਰ ’ਚ ਔਰਤਾਂ ਵਿਰੁਧ ਸਰੀਰਕ ਹਿੰਸਾ ’ਚ ਕਮੀ ਅਤੇ ‘ਭਾਵਨਾਤਮਕ ਹਿੰਸਾ ’ਚ 4.6 ਫ਼ੀ ਸਦੀ ਅੰਕ ਦੀ ਗਿਰਾਵਟ ਅਤੇ ਜਿਨਸੀ ਹਿੰਸਾ ’ਚ 3.6 ਫ਼ੀ ਸਦੀ ਅੰਕ ਦੀ ਗਿਰਾਵਟ‘‘ ਦੇ ਸਬੂਤ ਵੀ ਮਿਲੇ।’
ਖੋਜਕਰਤਾਵਾਂ ਨੇ ਕਿਹਾ ਕਿ ਇਹ ਨਤੀਜੇ ਨੀਤੀ ਨਿਰਮਾਤਾਵਾਂ ਲਈ ਮਹੱਤਵਪੂਰਨ ਹੋਣਗੇ ਕਿਉਂਕਿ ਹੋਰ ਭਾਰਤੀ ਸੂਬਿਆਂ ’ਚ ਵੀ ਅਜਿਹੀਆਂ ਪਾਬੰਦੀਆਂ ਹਨ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਸ਼ਰਾਬ ਦੀ ਖਪਤ ’ਚ ਕਮੀ 1.8 ਮਿਲੀਅਨ ਮਰਦਾਂ ਵਲੋਂ ਵਧੇਰੇ ਭਾਰ/ਮੋਟਾਪੇ ਦੇ 2.4 ਮਿਲੀਅਨ ਮਾਮਲਿਆਂ ਅਤੇ ਨਜ਼ਦੀਕੀ ਸਾਥੀ ਹਿੰਸਾ ਦੇ 2.1 ਮਿਲੀਅਨ ਮਾਮਲਿਆਂ ’ਚ ਕਮੀ ਆਈ ਹੈ।