
ਕੀ ਇੰਦਰਾ ਨੇ ਹਿਟਲਰ ਤੋਂ ਪ੍ਰੇਰਿਤ ਹੋ ਕੇ ਐਮਰਜੈਂਸੀ ਲਾਈ ਸੀ?
ਨਵੀਂ ਦਿੱਲੀ, ਜਰਮਨੀ ਦੇ ਤਾਨਾਸ਼ਾਹ ਅਡੋਲਫ਼ ਹਿਟਲਰ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਚਕਾਰ ਤੁਲਨਾ ਕਰਦਿਆਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੋਹਾ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਵਿਚ ਤਬਦੀਲ ਕਰ ਦਿਤਾ ਸੀ। 'ਦ ਐਮਰਜੈਂਸੀ ਰਿਵਿਜ਼ਟਿਡ' ਦੇ ਦੂਜੇ ਹਿੱਸੇ ਵਿਚ ਜੇਤਲੀ ਨੇ ਕਿਹਾ ਕਿ ਹਿਟਲਰ ਤੋਂ ਉਲਟ ਇੰਦਰਾ ਨੇ ਇਕ ਕਦਮ ਅੱਗੇ ਵਧਦਿਆਂ ਭਾਰਤ ਨੂੰ ਵੰਸ਼ਵਾਦੀ ਜਮਹੂਰੀਅਤ ਵਿਚ ਤਬਦੀਲ ਕਰਨ ਦਾ ਯਤਨ ਕੀਤਾ। ਫ਼ੇਸਬੁਕ 'ਤੇ ਜੇਤਲੀ ਨੇ ਕਿਹਾ ਕਿ ਐਮਰਜੈਂਸੀ ਦੀ ਪਟਕਥਾ ਨਾਜ਼ੀ ਜਰਮਨੀ ਵਿਚ 1933 ਵਿਚ ਜੋ ਕੁੱਝ ਹੋਇਆ, ਕੀ ਉਸ ਤੋਂ ਪ੍ਰੇਰਿਤ ਸੀ?
ਚਾਰ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ 25 ਜੂਨ 1975 ਨੂੰ ਭਾਰਤ ਵਿਚ ਐਮਰਜੈਂਸੀ ਲਾਈ ਗਈ ਸੀ। ਜੇਤਲੀ ਨੇ ਕਿਹਾ, 'ਹਿਟਲਰ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੋਹਾਂ ਨੇ ਕਦੇ ਵੀ ਸੰਵਿਧਾਨ ਨੂੰ ਅਹਿਮੀਅਤ ਨਹੀਂ ਦਿਤੀ। ਉਨ੍ਹਾਂ ਜਮਹੂਰੀਅਤ ਨੂੰ ਤਾਨਾਸ਼ਾਹੀ ਵਿਚ ਬਦਲਣ ਦਾ ਯਤਨ ਕੀਤਾ।' ਜੇਤਲੀ ਨੇ ਕਿਹਾ ਕਿ ਕੁੱਝ ਅਜਿਹੇ ਕੰਮ ਸੀ ਜੋ ਹਿਟਲਰ ਨੇ ਨਹੀਂ ਕੀਤੇ ਪਰ ਇੰਦਰਾ ਗਾਂਧੀ ਨੇ ਕੀਤੇ।
Indira Gandhi
ਵਿੱਤ ਮੰਤਰੀ ਨੇ ਕਿਹਾ, 'ਉਨ੍ਹਾਂ ਮੀਡੀਆ ਵਿਚ ਸੰਸਦ ਦੀ ਕਾਰਵਾਈ ਦੇ ਪ੍ਰਕਾਸ਼ਨ 'ਤੇ ਰੋਕ ਲਾ ਦਿਤੀ ਸੀ। ਦੂਜੇ ਪਾਸੇ ਗਾਂਧੀ ਨੇ ਭਾਰਤ ਨੂੰ ਵੰਸ਼ਵਾਦੀ ਲੋਕਤੰਤਰ ਵਿਚ ਤਬਦੀਲ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ।' ਜੇਤਲੀ ਨੇ ਕਿਹਾ, 'ਭਾਰਤ ਅਤੇ ਜਰਮਨੀ ਵਿਚ ਪ੍ਰੈੱਸ 'ਤੇ ਸੈਂਸਰ ਲਾਉਣ ਲਈ ਕਾਨੂੰਨ ਲਗਭਗ ਇਕੋ ਜਿਹੇ ਸਨ। ਇਕ ਪਾਰਟੀ ਦਾ ਲੋਕੰਤੰਤਰ ਸੀ।'
ਉਨ੍ਹਾਂ ਆਰਥਕ ਪ੍ਰੋਗਰਾਮਾਂ ਦੇ ਸਬੰਧ ਵਿਚ ਹਿਟਲਰ ਅਤੇ ਇੰਦਰਾ ਗਾਂਧੀ ਦੇ ਏਜੰਡੇ ਵਿਚ ਸਮਾਨਤਾ ਦੱਸੀ। ਜੇਤਲੀ ਨੇ ਕਿਹਾ, 'ਹਿਟਲਰ ਨੇ 25 ਸੂਤਰੀ ਆਰਥਕ ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ। ਇੰਦਰਾ ਨੇ 20 ਸੂਤਰੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ। ਸੰਜੇ ਗਾਂਧੀ ਨੇ ਅਪਣੇ ਪੰਜ ਸੂਤਰੀ ਆਰਥਕ ਅਤੇ ਸਮਾਜਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ।'
ਉਨ੍ਹਾਂ ਕਿਹਾ ਕਿ ਹਿਟਲਰ ਵਾਂਗ ਹੀ ਇੰਦਰਾ ਨੇ ਬਹੁਤੇ ਵਿਰੋਧੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਵਾ ਲਿਆ ਅਤੇ ਸੰਵਿਧਾਨ ਸੋਧ ਜ਼ਰੀਏ ਕਈ ਗ਼ਲਤ ਪ੍ਰਾਵਧਾਨ ਪਾਸ ਕਰਵਾ ਲਏ। ਐਮਰਜੈਂਸੀ ਲਾਗੂ ਕੀਤੇ ਜਾਣ ਦੀ 43ਵੀਂ ਬਰਸੀ 'ਤੇ ਭਾਜਪਾ ਦੇ ਚੋਟੀ ਦੇ ਆਗੂਆਂ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਨੂੰ 'ਸਾਡੇ ਆਦਰਸ਼ਾਂ 'ਤੇ ਸਿੱਧਾ ਹਮਲਾ' ਕਰਾਰ ਦਿਤਾ।
Adolf Hitler
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਬਣੇ ਰਹਿਣ ਲਈ ਅਪਣੇ ਰਾਜਸੀ ਹਿਤਾਂ ਵਾਸਤੇ ਜਮਹੂਰੀਅਤ ਦੀ ਹਤਿਆ ਕੀਤੀ ਸੀ ਅਤੇ ਉਸ ਨੇ ਸੁਪਰੀਮ ਕੋਰਟ ਨੂੰ ਮੂਕ ਦਰਸ਼ਕ ਬਣਾ ਦਿਤਾ ਸੀ, ਸੰਸਦ ਨੂੰ ਬੇਅਸਰ ਕਰ ਦਿਤਾ ਸੀ ਅਤੇ ਮੀਡੀਆ ਨੂੰ ਚੁੱਪ ਕਰਾ ਦਿਤਾ ਸੀ।' ਸ਼ਾਹ ਨੇ ਕਿਹਾ, 'ਇਹ ਭਾਰਤੀ ਜਮਹੂਰੀਅਤ ਵਿਚ ਕਾਲਾ ਦਿਨ ਹੈ।' ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਐਮਰਜੈਂਸੀ ਭਾਰਤੀ ਜਮਹੂਰੀਅਤ 'ਤੇ ਸੱਭ ਤੋਂ ਵੱਡਾ ਧੱਬਾ ਸੀ।
ਉਨ੍ਹਾਂ ਕਿਹਾ ਕਿ ਪਾਠ-ਪੁਸਤਕਾਂ ਵਿਚ ਇਸ ਬਾਰੇ ਅਧਿਆਏ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਕਿ ਨੌਜਵਾਨ ਪੀੜ੍ਹੀ ਨੂੰ ਉਸ ਵਕਤ ਢਾਹੇ ਗਏ ਜ਼ੁਲਮਾਂ ਬਾਰੇ ਸਿਖਿਅਤ ਕੀਤਾ ਜਾ ਸਕੇ। ਮੋਦੀ ਨੇ ਕਿਹਾ, 'ਅਰੁਣ ਜੇਤਲੀ ਨੇ ਐਮਰਜੈਂਸੀ ਬਾਰੇ ਕਾਲੇ ਦਿਨਾਂ, ਲੋਕਾਂ ਦੀ ਆਜ਼ਾਦੀ ਨੂੰ ਦਰੜ ਦੇਣ, ਢਾਹੇ ਗਏ ਜ਼ੁਲਮਾਂ ਅਤੇ ਇਹ ਸਾਡੇ ਆਦਰਸ਼ਾਂ 'ਤੇ ਕਿਵੇਂ ਸਿੱਧਾ ਹਮਲਾ ਸੀ, ਬਾਰੇ ਲਿਖਿਆ।'(ਏਜੰਸੀ)