
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਗਰ ਨਿਗਮ ਸੋਨੀਪਤ ਦੇ ਨਵੇਂ ਸਵਰੂਪ ਨੂੰ ਮਨਜੂਰੀ ਪ੍ਰਦਾਨ ਕਰ ਦਿਤੀ ਹੈ। ਅਧਿਕਾਰੀਆਂ ਤੋਂ ਰੀਪੋਰਟ ਮਿਲਣ...
ਚੰਡੀਗੜ੍ਹ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨਗਰ ਨਿਗਮ ਸੋਨੀਪਤ ਦੇ ਨਵੇਂ ਸਵਰੂਪ ਨੂੰ ਮਨਜੂਰੀ ਪ੍ਰਦਾਨ ਕਰ ਦਿਤੀ ਹੈ। ਅਧਿਕਾਰੀਆਂ ਤੋਂ ਰੀਪੋਰਟ ਮਿਲਣ ਤੋਂ ਬਾਅਦ ਸਰਕਾਰ ਵਲੋਂ ਇਸ ਬਦਲਾਅ ਨੂੰ ਮਨਜੂਰੀ ਪ੍ਰਦਾਨ ਕੀਤੀ ਗਈ ਹੈ, ਜਿਸ ਦੀ ਨੋਟੀਫ਼ੀਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਗਰ ਨਿਗਮ ਪ੍ਰੀਸ਼ਦ ਨੂੰ ਨਗਰ ਨਿਗਮ ਬਣਾਉਂਦੇ ਸਮੇਂ ਇਸ ਦੇ ਦਾਇਰੇ ਨੂੰ ਵਧਾਉਂਦੇ ਹੋਏ ਕੁੱਝ ਪਿੰਡਾਂ ਨੂੰ ਸ਼ਾਮਲ ਕੀਤਾ ਸੀ।
ਪਰ ਕੁੱਝ ਸਮੇਂ ਪਹਿਲਾਂ ਇਨ੍ਹਾਂ ਵਿਚੋਂ ਕੁੱਝ ਪਿੰਡਾਂ ਦੇ ਲੋਕਾਂ ਨੇ ਨਗਰ ਨਿਗਮ ਵਿਰੋਧ ਕਮੇਟੀ ਰਾਹੀਂ ਨਗਰ ਨਿਗਮ ਦੀ ਸੀਮਾ ਤੋਂ ਬਾਹਰ ਆਉਣ ਦੀ ਮੰਗ ਕੀਤੀ ਸੀ। ਨਿਗਰ ਵਿਚ ਸ਼ਾਮਿਲ ਕੁੱਝ ਪਿੰਡਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਮੰਡਲ ਕਮਿਸ਼ਨਰ ਰੋਹਤਕ ਦੀ ਅਗਵਾਈ ਹੇਠ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਇਕ ਕਮੇਟੀ ਬਣਾਉਂਦੇ ਹੋਏ ਨਗਰ ਨਿਗਮ ਦੇ ਨਵੇਂ ਸਵਰੂਪ 'ਤੇ ਰੀਪੋਰਟ ਮੰਗੀ ਸੀ।
ਇਸ ਕਮੇਟੀ ਵਿਚ ਸ਼ਹਿਰੀ ਸਥਾਨਕ ਸਰਕਾਰ ਡਾਇਰੈਕਟੋਰੇਟ ਦੇ ਨੁਮਾਇੰਦੇ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇੰਦੇ, ਡਿਪਟੀ ਕਮਿਸ਼ਨਰ ਸੋਨੀਪਤ, ਜਿਲ੍ਹਾ ਨਗਰ ਯੋਜਨਾਕਾਰ ਅਤੇ ਕਮਿਸ਼ਨਰ ਨਗਰ ਨਿਗਮ ਸੋਨੀਪਤ ਨੂੰ ਸ਼ਾਮਲ ਕੀਤਾ ਗਿਆ ਸੀ। ਮੰਤਰੀ ਨੇ ਦਸਿਆ ਕਿ ਉਨ੍ਹਾਂ ਦੇ ਪ੍ਰਸਤਾਵ 'ਤੇ ਵਿਚਾਰ ਕਰਦੇ ਹੋਏ ਨਗਰ ਨਿਗਮ ਸੋਨੀਪਤ ਦੀ ਮੌਜੂਦਾ ਸੀਮਾ ਤੋਂ ਪਿੰਡ ਮੁਰਸ਼ੀਦਪੁਰ, ਦੀਪਾਲਪੁਰ, ਖੇਵੜਾ, ਹਰਸਾਨਾ ਖੁਰਦ, ਹਰਸਾਨਾ ਕਲਾਂ ਅਤੇ ਨਸੀਰਪੁਰ ਬਾਂਗੜ ਨੂੰ ਬਾਹਰ ਕੀਤਾ ਗਿਆ ਸੀ।
ਉਥੇ ਹੀ ਮੂਰਥਲ, ਨਾਂਗਲ ਖ਼ੁਰਦ, ਕਿਸ਼ੋਰਾ, ਜੋਸ਼ੀ ਚੌਹਾਨ, ਬਹਾਲਗੜ੍ਹ, ਅਸਾਵਰਪੁਰ, ਬੈਂਯਾਪੁਰ ਦੇ ਮਾਲ ਦਾਇਰੇ ਦਾ ਅਨੁਮਾਨਿਤ ਖੇਤਰ ਅਤੇ ਬੜ੍ਹਖਾਲਸਾ (ਭਾਗ), ਕਕਰੋਈ (ਭਾਗ), ਮਹਿਲਾਨਾ (ਭਾਗ), ਭਿਗਾਨ (ਭਾਗ), ਹਸਨਪੁਰ (ਭਾਗ), ਇਬ੍ਰਾਹਿਮਪੁਰ ਕੁਰਾੜ (ਭਾਗ), ਦੇ ਕੁੱਝ ਭਾਗ ਨੂੰ ਨਗਰ ਨਿਗਮ ਸੀਮਾ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇਸ ਦੀ ਨੋਟੀਫ਼ੀਕੇਸ਼ਨ ਜਾਰੀ ਹੋਣ ਦੇ ਬਾਅਦ ਨਗਰ ਨਿਗਮ ਸੋਨੀਪਤ ਦੇ ਨਵੇਂ ਸਵਰੂਪ ਦੇ ਅਨੁਸਾਰ ਅਗਲੇ ਵਿਕਾਸ ਕੰਮਾਂ ਦਾ ਖਾਕਾ ਤਿਆਰ ਕੀਤਾ ਜਾਵੇਗਾ ਤਾਂ ਜੋ ਆਮਜਨ ਨੂੰ ਬਿਹਤਰ ਜਨ ਸਹੂਲਤਾਂ ਮਹੁਈਆ ਕਰਾਈਆਂ ਜਾ ਸਕਣ।