
‘ਮਿਸ਼ਨ ਉੱਤਰ-ਪ੍ਰਦੇਸ਼’ ਅੱਜ ਲਖਨਊ ਤੋਂ ਹੋਵੇਗਾ ਸ਼ੁਰੂ
ਲੁਧਿਆਣਾ (ਪ੍ਰਮੋਦ ਕੌਸ਼ਲ): 26 ਜੁਲਾਈ 2021 ਤਕ ਕਿਸਾਨ ਅੰਦੋਲਨ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ 8 ਮਹੀਨੇ ਦੇ ਨਿਰੰਤਰ ਵਿਰੋਧ ਪ੍ਰਦਰਸ਼ਨ ਨੂੰ ਪੂਰਾ ਕਰ ਲਵੇਗਾ। ਇਨ੍ਹਾਂ ਅੱਠ ਮਹੀਨਿਆਂ ਵਿਚ ਭਾਰਤ ਦੇ ਲਗਭਗ ਸਾਰੇ ਰਾਜਾਂ ਤੋਂ ਲੱਖਾਂ ਕਿਸਾਨ ਕਾਲੇ ਕਾਨੂੰਨਾਂ ਵਿਰੁਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ ਹਨ। ਇਸ ਸਮੇਂ ਦੌਰਾਨ ਕਿਸਾਨਾਂ ਨੇ ਬਹਾਦਰੀ ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਅਤੇ ਇਕ ਕਿਸਾਨ-ਵਿਰੋਧੀ ਸਰਕਾਰ ਦਾ ਸਾਹਮਣਾ ਕੀਤਾ ਹੈ। ਇਕ ਚੁਣੀ ਹੋਈ ਸਰਕਾਰ ਜਿਹੜੀ ਮੁੱਖ ਤੌਰ ’ਤੇ ਕਿਸਾਨਾਂ ਦੀਆਂ ਵੋਟਾਂ ’ਤੇ ਸੱਤਾ ਵਿਚ ਆਈ, ਨੇ ਕਿਸਾਨਾਂ ’ਤੇ ਜਬਰ ਕੀਤਾ ਹੈ।
Womens Farmer Parliament
ਪਰ ਕਿਸਾਨ ਸਬਰ, ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਅਪਣੀ ਆਵਾਜ਼ ਉੱਚੀ ਕਰਨ ਅਤੇ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ ‘ਕੱਕਾ ਜੀ’, ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਦੇਸ਼ ਵਿਚ ਕਿਸਾਨਾਂ ਦੀ ਏਕਤਾ ਅਤੇ ਰੁਤਬੇ ਨੂੰ ਮਜ਼ਬੂਤ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।
Balbir Singh Rajewal
ਕਿਸਾਨਾਂ ਦੀ ਏਕਤਾ ਨੇ ਕਿਸਾਨਾਂ ਦੀ ਪਛਾਣ ਨੂੰ ਮਾਣ ਦਿਤਾ ਹੈ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ਵਿਖੇ ਕਲ ਦਾ ਕਿਸਾਨ-ਸੰਸਦ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾਵੇਗਾ। ਮਹਿਲਾ ਕਿਸਾਨ ਸੰਸਦ ਭਾਰਤੀ ਖੇਤੀਬਾੜੀ ਵਿਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਚਲ ਰਹੀ ਲਹਿਰ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਦਰਸਾਏਗੀ। ਵੱਖ-ਵੱਖ ਜ਼ਿਲ੍ਹਿਆਂ ਤੋਂ ਔਰਤ ਕਿਸਾਨਾਂ ਦੇ ਕਾਫ਼ਲੇ ਮਹਿਲਾ ਕਿਸਾਨ ਸੰਸਦ ਦੇ ਮੋਰਚੇ ਵਿਚ ਪਹੁੰਚ ਰਹੇ ਹਨ।
Farmers Protest
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਮਿਸ਼ਨ ਯੂਪੀ ਦੀ ਸ਼ੁਰੂਆਤ ਲਈ ਲਖਨਊ ਜਾ ਰਹੇ ਹਨ। ਉਹ ਉਥੇ ਆਯੋਜਤ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਜਿਵੇਂ ਕਿ ਜਾਣਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਸਾਲ ਦੇ ਸ਼ੁਰੂ ਵਿਚ ਹੋਈਆਂ
ਪੰਚਾਇਤੀ ਚੋਣਾਂ ਵਿਚ, ਕਿਸਾਨ ਅੰਦੋਲਨ ਨੇ ਕਈ ਥਾਵਾਂ ’ਤੇ ਭਾਜਪਾ ਉਮੀਦਵਾਰਾਂ ਨੂੰ ਸਜ਼ਾਵਾਂ ਦਿਤੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਜ਼ਿਆਦਾਤਰ ਸੀਟਾਂ ਹਾਸਲ ਕੀਤੀਆਂ ਸਨ।
Farmers Protest
ਸੰਯੁਕਤ ਕਿਸਾਨ ਮੋਰਚਾ ਸਿਰਸਾ ਪ੍ਰਸ਼ਾਸਨ ਵਲੋਂ ਤਕਰੀਬਨ 525 ਪ੍ਰਦਰਸ਼ਨਕਾਰੀਆਂ ’ਤੇ ਦਾਇਰ ਕੀਤੇ ਮਾਮਲਿਆਂ ਦੀ ਨਿੰਦਾ ਕਰਦਾ ਹੈ , ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਦਿੱਲੀ-ਡੱਬਵਾਲੀ ਹਾਈਵੇਅ ਤੇ ਆਵਾਜਾਈ ਠੱਪ ਕੀਤੀ ਸੀ ਅਤੇ ਪੁਲਿਸ ਵਲੋਂ ਗ਼ਲਤ ਢੰਗ ਨਾਲ ਗਿ੍ਰਫ਼ਤਾਰ ਕੀਤੇ ਪੰਜ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਸਾਡੇ ਕੋਲ ਸੀਨੀਅਰ ਜੱਜ ਵੀ ਅਪਣੀਆਂ ਟਿਪਣੀਆਂ ਪੇਸ਼ ਕਰ ਰਹੇ ਹਨ ਕਿ ਇਥੇ ਪ੍ਰਦਰਸ਼ਨਕਾਰੀਆਂ ਵਿਰੁਧ ਦੇਸ਼-ਧ੍ਰੋਹ ਦਾ ਕੋਈ ਕੇਸ ਨਹੀਂ ਹੈ। ਜਦੋਂ ਕਿ ਗਿ੍ਰਫ਼ਤਾਰ ਕੀਤੇ ਗਏ ਪੰਜ ਕਿਸਾਨਾਂ ਨੂੰ ਰਿਹਾਅ ਕਰ ਦਿਤਾ ਗਿਆ ਹੈ
Manohar Lal Khattar
ਪਰ ਵਿਅੰਗਾਤਮਕ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੇ ਹੁਣ 525 ਕਿਸਾਨਾਂ ਵਿਰੁਧ ਕੇਸ ਦਰਜ ਕਰਨ ਦੀ ਚੋਣ ਕੀਤੀ ਹੈ ਜੋ ਅਸਲ ਵਿਚ ਇਹ ਦਸ ਰਹੇ ਸਨ ਕਿ ਦੇਸ਼ ਧ੍ਰੋਹ ਦੇ ਦੋਸ਼ ਗ਼ਲਤ ਅਤੇ ਅਸਹਿਣਯੋਗ ਸਨ। ਮੋਰਚੇ ਦੀ ਮੰਗ ਹੈ ਕਿ ਇਨ੍ਹਾਂ ਕੇਸਾਂ ਨੂੰ ਹਰਿਆਣਾ ਸਰਕਾਰ ਤੁਰਤ ਵਾਪਸ ਲਵੇ। ਕਿਸਾਨਾਂ ਦੇ ਕਈ ਕਾਫ਼ਲੇ ਵੱਖ-ਵੱਖ ਵਿਰੋਧ ਸਥਾਨਾਂ ’ਤੇ ਪਹੁੰਚ ਰਹੇ ਹਨ। ਕੱਲ੍ਹ ਬਿਜਨੌਰ ਤੋਂ ਰਵਾਨਾ ਹੋਣ ਤੋਂ ਬਾਅਦ ਇਕ ਵਿਸ਼ਾਲ ਟਰੈਕਟਰ ਰੈਲੀ ਅੱਜ ਗਾਜ਼ੀਪੁਰ ਬਾਰਡਰ ਪਹੁੰਚੀ ਹੈ। ਇਸ ਤੋਂ ਇਲਾਵਾ, ਕਿਸਾਨਾਂ ਵਿਚ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਅੱਜ ਪਲਵਲ ਅਨਾਜ ਮੰਡੀ ਵਿਚ ਇਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।