
ਰਖਿਆ ਮੰਤਰੀ ਨੇ ਕਾਰਗਿਲ ਜੰਗ ਦੌਰਾਨ ਅਪਣਾ ਜੀਵਨ ਬਲੀਦਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿਤੀ
ਦਰਾਸ (ਲੱਦਾਖ): ਰਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਅਪਣਾ ਮਾਣ ਬਰਕਰਾਰ ਰੱਖਣ ਲਈ ਕੰਟਰੋਲ ਰੇਖਾ (ਐਲ.ਓ.ਸੀ.) ਪਾਰ ਕਰਨ ਨੂੰ ਤਿਆਰ ਹੈ। ਨਾਲ ਹੀ ਉਨ੍ਹਾਂ ਨੇ ਆਮ ਨਾਗਰਿਕਾਂ ਤੋਂ ਅਜਿਹੀ ਸਥਿਤੀ ’ਚ ਫ਼ੌਜੀਆਂ ਦੇ ਸਮਰਥਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿਤਾ।
ਰੂਸ-ਯੂਕਰੇਨ ਜੰਗ ਦਾ ਉਦਾਹਰਣ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜੰਗ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਚਲ ਰਿਹਾ ਹੈ ਕਿਉਂਕਿ ਨਾਗਰਿਕ ਅੱਗੇ ਆਏ ਅਤੇ ਜੰਗ ’ਚ ਹਿੱਸਾ ਲੈ ਰਹੇ ਹਨ।
ਰਾਜਨਾਥ ਸਿੰਘ ਅੱਜ ਇੱਥੇ 24ਵੇਂ ‘ਕਾਰਗਿਲ ਵਿਜੈ ਦਿਵਸ’ ਮੌਕੇ ਕਾਰਗਿਲ ਜੰਗ ਸਮਾਰਕ ’ਤੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਮਾਰਕ ’ਤੇ ਫੁੱਲ ਚੜ੍ਹਾ ਕੇ 1999 ’ਚ ਹੋਈ ਕਾਰਗਿਲ ਜੰਗ ਦੌਰਾਨ ਅਪਣਾ ਜੀਵਨ ਬਲੀਦਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿਤੀ। ਰਾਜਨਾਥ ਸਿੰਘ ਨੇ ਕਿਹਾ ਕਿ ਕਾਰਗਿਲ ਜੰਗ ਭਾਰਤ ’ਤੇ ਥੋਪਿਆ ਗਿਆ ਸੀ।
ਉਨ੍ਹਾਂ ਕਿਹਾ, ‘‘ਪਾਕਿਸਤਾਨ ਨੇ ਸਾਡੀ ਪਿੱਠ ’ਚ ਛੁਰਾ ਮਾਰਿਆ ਸੀ... ਇਹ ਜੰਗ ਭਾਰਤ ’ਤੇ ਥੋਪੀ ਗਈ ਸੀ। ਮੈਂ ਭਾਰਤ ਮਾਂ ਦੇ ਬਹਾਦਰ ਸਪੂਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਅੱਗ ਰਖਿਆ ਅਤੇ ਅਪਣਾ ਜੀਵਨ ਕੁਰਬਾਨ ਕਰ ਦਿਤਾ।’’ ਮੰਤਰੀ ਨੇ ਕਿਹਾ, ‘‘ਜਦੋਂ ਵੀ ਜੰਗ ਦੀ ਸਥਿਤੀ ਰਹਿੰਦੀ ਹੈ, ਸਾਡੀ ਜਨਤਾ ਨੇ ਹਮੇਸ਼ਾ ਜਵਾਨਾਂ ਦੀ ਹਮਾਇਤ ਕੀਤੀ ਹੈ ਪਰ ਇਹ ਸਮਰਥਨ ਅਸਿੱਧੇ ਰੂਪ ’ਚ ਰਿਹਾ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜ਼ਰੂਰਤ ਪੈਣ ’ਤੇ ਜੰਗ ਦੇ ਮੈਕਾਨ ’ਚ ਫ਼ੌਜੀਆਂ ਨੂੰ ਅਸਿੱਧੇ ਰੂਪ ’ਚ ਸਹਿਯੋਗ ਕਰਨ ਲਈ ਤਿਆਰ ਰਹਿਣ।’’ਉਨ੍ਹਾਂ ਕਿਹਾ, ‘‘ਅਸੀਂ ਦੇਸ਼ ਦਾ ਮਾਣ ਬਰਕਰਾਰ ਰੱਖਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਾਂ। ਜੇਕਰ ਸਾਨੂੰ ਇਸ ਲਈ ਐਲ.ਓ.ਸੀ. ਪਾਰ ਕਰਨੀ ਪਈ ਤਾਂ ਅਸੀਂ ਉਹ ਵੀ ਕਰਨ ਲਈ ਤਿਆਰ ਹਾਂ।’’ ਭਾਰਤੀ ਫ਼ੌਜ ਨੇ 1999 ’ਚ ਲੱਦਾਖ ਦੇ ਅਹਿਮ ਸਿਖਰਾਂ ’ਤੇ ਕਬਜ਼ਾ ਕਰਨ ਵਾਲੀ ਪਾਕਿਸਤਾਨ ਦੀ ਫੌਜ ਨੂੰ ਖਦੇੜਨ ਲਈ ਜ਼ੋਰਦਾਰ ਜਵਾਬੀ ਹਮਲਾ ਕੀਤਾ ਸੀ। ਕਾਰਗਿਲ ਵਿਜੈ ਦਿਵਸ ਇਸ ਜੰਗ ’ਚ ਭਾਰਤ ਦੀ ਜਿੱਤ ਦੀ ਯਾਦ ’ਚ ਮਨਾਇਆ ਜਾਂਦਾ ਹੈ।
ਭਵਿੱਖ ’ਚ ਫ਼ੌਜਾਂ ਅੱਗੇ ਚੁਨੌਤੀਆਂ ਅਤੇ ਗੁੰਝਲਦਾਰ ਹੋਣ ਦਾ ਖਦਸ਼ਾ, ਤਿਆਰ ਰਹਿਣ ਦੀ ਜ਼ਰੂਰਤ : ਫ਼ੌਜ ਮੁਖੀ
ਦਰਾਸ (ਲੱਦਾਖ): ਫ਼ੌਜ ਮੁਖੀ ਮਨੋਜ ਪਾਂਡੇ ਨੇ ਬੁਧਵਾਰ ਨੂੰ ਕਿਹਾ ਕਿ ਹਥਿਆਰਬੰਦ ਬਦਲਾਂ ਸਾਹਮਣੇ ਮੌਜੂਦ ਖ਼ਤਰਿਆਂ ਅਤੇ ਚੁਨੌਤੀਆਂ ਦੇ ਭਵਿੱਖ ’ਚ ਅਤੇ ਗੁੰਝਲਦਾਰ ਹੋਣ ਦਾ ਸ਼ੱਕ ਹੈ ਅਤੇ ਭਾਰਤ ਨੂੰ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਫ਼ੌਜੀ ਮੁਖੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਸੰਭਾਵਤ ਚੁਨੌਤੀਆਂ ਧਿਆਨ ’ਚ ਰੱਖ ਕੇ ਭਵਿੱਖ ਦੀ ਤਿਆਰੀ ਕਰਨੀ ਚਾਹੀਦੀ ਹੈ। ਜਨਰਲ ਪਾਂਡੇ ਨੇ 24ਵੇਂ ਵਿਜੈ ਦਿਵਸ ਦੇ ਮੌਕੇ ਇੱਥੇ ਕਾਰਗਿਲ ਜੰਗ ਸਮਾਰਕ ’ਚ ਪੱਤਰਕਾਰਾਂ ਨੂੰ ਕਿਹਾ, ‘‘ਸਾਡੇ ਸਾਹਮਣੇ ਮੌਜੂਦ ਖ਼ਤਰਿਆਂ ਅਤੇ ਚੁਨੌਤੀਆਂ ਦੇ ਭਵਿੱਖ ’ਚ ਹੋਰ ਗੁੰਝਲਦਾਰ ਹੋਣ ਦਾ ਖਦਸ਼ਾ ਹੈ। ਸਾਨੂੰ ਤਿਆਰ ਰਹਿਣਾ ਹੋਵੇਗਾ।’’
ਉਨ੍ਹਾਂ ਕਿਹਾ, ‘‘ਅਸੀਂ ਜ਼ਰੂਰਤ ਅਨੁਸਾਰ ਢਲਣ, ਲਚੀਲਾ ਬਣਨ ਅਤੇ ਤੁਰਤ ਕਾਰਵਾਈ ਬਾਬਤ ਪ੍ਰਕਿਰਿਆ ’ਤੇ ਕੰਮ ਕਰ ਰਹੇ ਹਾਂ। ਸਾਡੀ ਫ਼ੌਜੀ ਸੁਰਖਿਆ ਸਬੰਧੀ ਚੁਨੌਤੀਆਂ ਨਾਲ ਨਜਿੱਠਣ ਲਈ ਤਕਨਾਲੋਜੀ ਦੇ ਖੇਤਰ ’ਚ ਸਮਰੱਥ ਅਤੇ ਭਵਿੱਖ ਲਈ ਤਿਆਰ ਤਾਕਤ ਦੇ ਰੂਪ ’ਚ ਉਭਰੇਗੀ।’’