
RBI ਦੀ ਰਿਪੋਰਟ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਮੋਦੀ ਸਰਕਾਰ
ਨਵੀਂ ਦਿੱਲੀ : ਆਰਬੀਆਈ ਦੀ ਹਾਲੀਆ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਕਟਹਿਰੇ 'ਚ ਹੈ ਜਦਕਿ ਕਾਂਗਰਸ ਨੇ ਇਸ ਨੂੰ ਲੈ ਕੇ ਹਮਲਾਵਰ ਰੁਖ ਅਪਨਾ ਲਿਆ ਹੈ। ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਸੀ, ਹੁਣ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਵੀ ਸਵਾਲ ਚੁੱਕੇ ਹਨ। ਆਰਬੀਆਈ ਦੀ ਇਸ ਰਿਪੋਰਟ ਮੁਤਾਬਕ ਕੋਰੋਨਾ ਸੰਕਟ ਦਾ ਸਭ ਤੋਂ ਜ਼ਿਆਦਾ ਅਸਰ ਗ਼ਰੀਬਾਂ 'ਤੇ ਪਿਆ ਹੈ। ਇਸ ਨੂੰ ਲੈ ਕੇ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਨਿਸ਼ਾਨਾ ਸਾਧਦਿਆਂ ਆਰਬੀਆਈ ਗਵਰਨਰ ਨੂੰ ਰਿਪੋਰਟ ਦੀਆਂ ਕਈ ਕਾਪੀਆਂ ਪ੍ਰਧਾਨ ਮੰਤਰੀ ਵੱਲ ਭੇਜਣ ਦੀ ਸਲਾਹ ਦਿਤੀ ਹੈ।
P chidambaram
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਟਵੀਟ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ, ''ਆਰਬੀਆਈ ਗਵਰਨਰ ਨੂੰ ਆਰਬੀਆਈ ਦੀ ਸਾਲਾਨਾ ਰਿਪੋਰਟ ਦੀਆਂ ਕਈ ਹਿੰਦੀ-ਅੰਗਰੇਜ਼ੀ ਕਾਪੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬੀਨਟ ਮੰਤਰੀਆਂ ਵੱਲ ਭੇਜਣੀਆਂ ਚਾਹੀਦੀਆਂ ਹਨ।''
P Chidambaram
ਚਿਦੰਬਰਮ ਨੇ ਲਿਖਿਆ ਕਿ ਮੈਂ ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਕਿ ਕਿਸੇ ਸਰਕਾਰ ਵਲੋਂ ਕੇਂਦਰੀ ਬੈਂਕ ਦੇ ਗਵਰਨਰ ਨੂੰ ਇਸ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੋਵੇ। ਸ਼ਾਇਦ ਹੀ ਵਿੱਤ ਮੰਤਰੀ ਅਤੇ ਬੈਂਕ ਗਵਰਨਰ ਆਪਸ ਵਿਚ ਕੋਈ ਗੱਲਬਾਤ ਕਰਦੇ ਹੋਣਗੇ। ਸਾਬਕਾ ਵਿੱਤ ਮੰਤਰੀ ਨੇ ਲਿਖਿਆ ਕਿ ਗਵਰਨਰ, ਮੇਰੀ ਸ਼ੁਭ-ਇਛਾਵਾਂ ਤੁਹਾਡੇ ਨਾਲ ਹਨ, ਤੁਸੀਂ ਇਕ ਸੁੱਤੇ ਹੋਏ ਵਿਅਕਤੀ ਨੂੰ ਜਗਾ ਸਕਦੇ ਹੋ ਪਰ ਜੋ ਵਿਅਕਤੀ ਸੌਣ ਦਾ ਡਰਾਮਾ ਕਰ ਰਿਹਾ ਹੋਵੇ, ਉਸਨੂੰ ਕਿਵੇਂ ਜਗਾਵੋਗੇ।
P Chidambaram
ਦਰਅਸਲ, ਆਰਬੀਆਈ ਨੇ ਅਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਵਿਚ ਖਪਤ ਨੂੰ ਵੱਡਾ ਝਟਕਾ ਲਗਿਆ ਹੈ। ਕੋਰੋਨਾ ਸੰਕਟ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਗ਼ਰੀਬਾਂ ਨੂੰ ਸਹਿਣਾ ਪਿਆ ਹੈ। ਅਜਿਹੇ ਵਿਚ ਮਾਲੀ ਹਾਲਤ ਨੂੰ ਦੁਬਾਰਾ ਪਟਰੀ 'ਤੇ ਆਉਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ। ਪੀ ਚਿਦੰਬਰਮ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮਸਲੇ 'ਤੇ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਟਵੀਟ 'ਚ ਲਿਖਿਆ ਸੀ ਕਿ ਜਿਸ ਖ਼ਤਰੇ ਬਾਰੇ ਮੈਂ ਕਈ ਮਹੀਨੇ ਪਹਿਲਾਂ ਦੱਸ ਰਿਹਾ ਸੀ, ਉਸ ਨੂੰ ਹੁਣ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵੀ ਮੰਨ ਲਿਆ ਹੈ।
Rahul Gandhi
ਕਾਬਲੇਗੌਰ ਹੈ ਕਿ ਕਰੋਨਾ ਮਹਾਮਾਰੀ ਕਾਰਨ ਦੇਸ਼ ਦੀ ਅਰਥ-ਵਿਵਸਥਾ ਨੂੰ ਵੱਡੀ ਢਾਹ ਲੱਗੀ ਹੈ। ਵੱਡੀ ਗਿਣਤੀ ਲੋਕ ਬੇਰੁਜ਼ਗਾਰ ਹੋ ਗਏ ਹਨ। ਕਾਰੋਬਾਰੀ ਅਦਾਰੇ ਵੀ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਕਰੋਨਾ ਕਾਰਨ ਹੋਏ ਨੁਕਸਾਨ ਦਾ ਅਸਰ ਵਿਸ਼ਵ-ਵਿਆਪੀ ਹੈ। ਇਸ ਨੇ ਵੱਡੀਆਂ ਮਹਾਂਸ਼ਕਤੀਆਂ ਨੂੰ ਵੀ ਗੋਡਿਆ ਭਾਰ ਕਰ ਦਿਤਾ ਹੈ। ਕਰੋਨਾ ਵੈਕਸੀਨ ਬਣਾਉਣ ਦੇ ਦਾਅਵਿਆਂ ਦਰਮਿਆਨ ਕਰੋਨਾ ਦਾ ਫ਼ੈਲਾਅ ਜਾਰੀ ਹੈ। ਇਸ ਕਾਰਨ ਦੁਨੀਆਂ ਦੇ ਜੋ ਮਾਇਕੀ ਹਾਲਾਤ ਬਣ ਰਹੇ ਹਨ, ਉਸ ਵੇਖਦਿਆਂ ਹਾਲਾਤ ਸੁਧਰਨ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।