
ਯੂਕਰੇਨ ’ਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਵਾਪਸੀ ਲਈ ਭਾਰਤ ਦੇ ਪੂਰਨ ਸਮਰਥਨ ਨੂੰ ਦੁਹਰਾਇਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਅਪਣੀ ਯੂਕਰੇਨ ਯਾਤਰਾ ਬਾਰੇ ਜਾਣਕਾਰੀ ਦਿਤੀ ਅਤੇ ਪੂਰਬੀ ਯੂਰਪੀ ਦੇਸ਼ ’ਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਵਾਪਸੀ ਲਈ ਭਾਰਤ ਦੇ ਪੂਰਨ ਸਮਰਥਨ ਨੂੰ ਦੁਹਰਾਇਆ | ਦੋਹਾਂ ਨੇਤਾਵਾਂ ਨੇ ਬੰਗਲਾਦੇਸ਼ ’ਚ ਚੱਲ ਰਹੀ ਸਥਿਤੀ ’ਤੇ ਵੀ ਚਰਚਾ ਕੀਤੀ ਅਤੇ ਆਮ ਸਥਿਤੀ ਦੀ ਜਲਦੀ ਬਹਾਲੀ ਅਤੇ ਘੱਟ ਗਿਣਤੀਆਂ ਖਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਮੋਦੀ ਨੇ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਦਸਿਆ, ‘‘ਅਸੀਂ ਯੂਕਰੇਨ ਦੀ ਸਥਿਤੀ ਸਮੇਤ ਵੱਖ-ਵੱਖ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਦਾ ਵਿਸਥਾਰ ਪੂਰਵਕ ਆਦਾਨ-ਪ੍ਰਦਾਨ ਕੀਤਾ। ਮੈਂ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਵਾਪਸੀ ਲਈ ਭਾਰਤ ਦੇ ਪੂਰਨ ਸਮਰਥਨ ਨੂੰ ਦੁਹਰਾਇਆ।’’ ਉਨ੍ਹਾਂ ਕਿਹਾ, ‘‘ਅਸੀਂ ਬੰਗਲਾਦੇਸ਼ ਦੀ ਸਥਿਤੀ ’ਤੇ ਵੀ ਚਰਚਾ ਕੀਤੀ ਅਤੇ ਆਮ ਸਥਿਤੀ ਦੀ ਜਲਦੀ ਬਹਾਲੀ ਅਤੇ ਬੰਗਲਾਦੇਸ਼ ’ਚ ਘੱਟ ਗਿਣਤੀਆਂ ਖਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।’’
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਬਾਈਡਨ ਨੂੰ ਅਪਣੀ ਹਾਲੀਆ ਯੂਕਰੇਨ ਯਾਤਰਾ ਬਾਰੇ ਜਾਣਕਾਰੀ ਦਿਤੀ। ਫੋਨ ’ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਬਾਈਡਨ ਨੇ ਕਵਾਡ ਸਮੇਤ ਬਹੁਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਅਪਣੀ ਵਚਨਬੱਧਤਾ ਦੁਹਰਾਈ। ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਨੂੰ ਲਾਭ ਪਹੁੰਚਾਉਣਾ ਹੈ।