
ਕਿਸਾਨ ਨੂੰ ਕੋਈ ਅਗਾਂਹ ਨਹੀਂ ਲਿਜਾ ਸਕਦਾ ਬਲਕਿ ਕਿਸਾਨ ਹੀ ਦੇਸ਼ ਨੂੰ ਅੱਗੇ ਲਿਜਾਂਦਾ ਹੈ।
ਨਵੀਂ ਦਿੱਲੀ , ( ਭਾਸ਼ਾ ) : ਖੇਤੀ ਦੇ ਖੇਤਰ ਵਿਚ ਨਵੀਂ ਤਕਨੀਕ ਦੀ ਵਰਤੋਂ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਪੱਸ਼ਟ ਤੌਰ ਤੇ ਮੰਨਣਾ ਹੈ ਕਿ ਕਿਸਾਨ ਨੂੰ ਕੋਈ ਅਗਾਂਹ ਨਹੀਂ ਲਿਜਾ ਸਕਦਾ ਬਲਕਿ ਕਿਸਾਨ ਹੀ ਦੇਸ਼ ਨੂੰ ਅੱਗੇ ਲਿਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਖੇਤ ਵਿਚ ਕਦੇ ਕੋਈ ਚੀਜ਼ ਖਰਾਬ ਨਹੀਂ ਹੁੰਦੀ ਸਗੋਂ ਕਚਰੇ ਨੂੰ ਵੀ ਕੰਚਨ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਵੀਡਿਓ ਕਾਨਫਰੰਸ ਰਾਹੀ ਲਖਨਊ ਵਿਚ ਆਯੋਜਿਤ ਖੇਤੀ ਕੁੰਭ ਵਿਖੇ ਸੰਬੋਧਨ ਕਰ ਰਹੇ ਸਨ।
Farming with new technique
ਉਨ੍ਹਾਂ ਖੇਤੀ ਵਿਚ ਨਵੀਂ ਤਕਨੀਕ ਦੀ ਵਰਤੋਂ ਅਤੇ ਇਸਦੀ ਮਹੱਤਤਾ ਤੇ ਖਾਸ ਤੌਰ ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ, ਖੇਤੀ ਦੀ ਲਾਗਤ ਨੂੰ ਘਟਾਉਣ ਅਤੇ ਲਾਭ ਨੂੰ ਵਧਾਉਣ ਦੀ ਦਿਸ਼ਾ ਵਿਚ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਅਤੇ ਡੀਜ਼ਲ ਤੇ ਚਲਣ ਵਾਲੇ ਪੰਪਾਂ ਨੂੰ ਸੂਰਜੀ ਊਰਜਾ ਪੰਪਾਂ ਵਿਚ ਬਦਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਅਧੀਨ ਆਉਣ ਵਾਲੇ ਚਾਰ ਸਾਲਾਂ ਵਿਚ ਦੇਸ਼ ਭਰ ਵਿਚ 28 ਲੱਖ ਕਿਸਾਨਾਂ ਲਈ ਸੂਰਜੀ ਊਰਜਾ ਪੰਪ ਲਗਵਾਉਣ ਦਾ ਟੀਚਾ ਰੱਖਿਆ ਗਿਆ ਹੈ।
Solar Pump
ਇਸ ਨਾਲ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੇਗੀ ਅਤੇ ਲੋੜ ਤੋਂ ਵੱਧ ਜੇਕਰ ਬਿਜਲੀ ਪੈਦਾ ਹੁੰਦੀ ਹੈ ਤਾਂ ਬਿਜਲੀ ਵੰਡ ਕੰਪਨੀਆਂ ਨੂੰ ਵੇਚ ਸਕਾਂਗੇ। ਇਕ ਸਮਾਂ ਸੀ ਜਦ ਕਿਸਾਨ ਅੰਨਦਾਤਾ ਸੀ ਪਰ ਅਜ ਉਸ ਦੇ ਊਰਜਾ ਦਾਤਾ ਬਣਨ ਦੀ ਸੰਭਾਵਨਾ ਪੈਦਾ ਹੋ ਗਈ ਹੈ। ਇਸ ਮੁਹਿੰਮ ਰਾਹੀ ਕਿਸਾਨ ਦੇ ਜੀਵਨ ਵਿਚ ਬਦਲਾਅ ਆਵੇਗਾ। ਪ੍ਰਧਾਨ ਮੰਤਰੀ ਨੇ ਖੁਸ਼ੀ ਵੀ ਪ੍ਰਗਟਾਈ ਕਿ ਉਤਰ ਪ੍ਰਦੇਸ਼ ਦੀ ਸਰਕਾਰ ਨੇ ਪਹਿਲੀ ਵਾਰ ਆਲੂ ਖਰੀਦਣ ਦਾ ਵੀ ਫੈਸਲਾ ਕੀਤਾ ਹੈ।