
ਲੱਖਾਂ ਦੇ ਸੋਨੇ ਸਮੇਤ ਕਸਟਮਜ਼ ਵਿਭਾਗ ਨੇ ਤਸਕਰ ਕੀਤਾ ਕਾਬੂ
ਚੰਡੀਗੜ - ਕਸਟਮਜ਼ ਵਿਭਾਗ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਇੱਕ ਜਹਾਜ਼ ਵਿੱਚ ਆਏ ਇੱਕ ਯਾਤਰੀ ਕੋਲੋਂ 20 ਲੱਖ ਰੁਪਏ ਦੀ ਕੀਮਤ ਦਾ 379 ਗ੍ਰਾਮ ਸੋਨਾ ਜ਼ਬਤ ਕੀਤਾ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਯਾਤਰੀ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਵੇਲੇ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛ-ਗਿੱਛ ਕੀਤੀ।ਬਿਆਨ ਦੇ ਮੁਤਾਬਿਕ, ਵਿਅਕਤੀ ਦੀ ਟਰਾਲੀ ਬੈਗ ਦੀ ਜਾਂਚ ਕਰਨ 'ਤੇ ਸੋਨੇ ਦੇ ਤਾਰ ਬਰਾਮਦ ਹੋਏ, ਜਿਨਾਂ 'ਤੇ ਚਾਂਦੀ ਦਾ ਰੰਗ ਚੜ੍ਹਿਆ ਸੀ। ਤਾਰਾਂ ਦਾ ਵਜ਼ਨ 379 ਗ੍ਰਾਮ ਸੀ ਅਤੇ ਇਹ ਟ੍ਰਾਲੀ ਬੈਗ ਦੀ ਲੋਹੇ ਦੀ ਪੱਟੀ ਅੰਦਰ ਲੁਕੋ ਕੇ ਰੱਖੇ ਗਏ ਸੀ।
ਜਾਰੀ ਬਿਆਨ ਅਨੁਸਾਰ ਬਰਾਮਦ ਕੀਤੇ ਗਏ ਸੋਨੇ ਦਾ ਮੁੱਲ 19.82 ਲੱਖ ਰੁਪਏ ਹੈ, ਜਿਸ ਨੂੰ ਦੇਸ਼ 'ਚ ਗ਼ੈਰ-ਕਨੂੰਨੀ ਢੰਗ ਨਾਲ ਤਸਕਰੀ ਕਰ ਕੇ ਲਿਆਂਦਾ ਜਾ ਰਿਹਾ ਸੀ, ਅਤੇ ਕਸਟਮਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਜ਼ਬਤ ਕਰ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।