
ਸ਼ਾਲੂ ਦੇ ਧਨੰਜੈ ਨਾਲ ਸਬੰਧਾਂ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਪਤੀ ਅਤੇ ਮਾਂ ਅਤੇ ਹੋਰਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ
ਚੰਡੀਗੜ੍ਹ- ਮੌਲੀ ਜਾਗਰਣ ਥਾਣੇ ਦੀ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਕਤਲ ਦੇ ਮਾਮਲੇ 'ਚ 58 ਸਾਲਾ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ, ਉਹ ਫੜੀ ਗਈ ਔਰਤ ਦੀ ਵਿਆਹੁਤਾ ਧੀ ਨਾਲ ਸਬੰਧ ਰੱਖਦਾ ਸੀ। ਗ੍ਰਿਫਤਾਰ ਔਰਤ ਦਾ ਜਵਾਈ ਅਜੇ ਫਰਾਰ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਕਮਲੇਸ਼ ਦੇਵੀ (58), ਰਾਜ ਬਹਾਦਰ (29), ਅਮਰ ਨਾਥ (27) ਅਤੇ ਸੰਜੇ (25) ਸ਼ਾਮਲ ਹਨ। ਕਮਲੇਸ਼ ਦਾ ਜਵਾਈ ਨੇਮ ਪਾਲ ਫਰਾਰ ਹੈ। ਪੁਲਿਸ ਵੱਲੋਂ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਜਾਂਚ ਚ ਸਾਹਮਣੇ ਆਇਆ ਹੈ ਕਿ ਧਨੰਜੈ ਨੂੰ 29 ਸਤੰਬਰ ਨੂੰ ਅਗਵਾ ਕਰ ਕੇ ਉਸ ਦਾ ਕਤਲ ਕੀਤਾ ਗਿਆ ਸੀ। ਬੀਤੀ 23 ਅਕਤੂਬਰ ਨੂੰ ਉਸ ਦੀ ਸੜੀ ਹਾਲਤ ਵਿਚ ਲਾਸ਼ ਮੋਰਨੀ ਦੇ ਜੰਗਲੀ ਇਲਾਕੇ ਵਿਚ ਸੁੰਨਸਾਨ ਜਗ੍ਹਾ ਤੇ ਮਿਲੀ ਸੀ। ਮਾਮਲੇ ਵਿਚ ਗਵਾਹ ਸ਼ਾਲੂ ਦੇ ਬਿਆਨ CrPC 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤੀ ਗਈ ਸੀ। ਸ਼ਾਲੂ ਆਪਣੇ ਪਤੀ ਦੀ ਥਾਂ ਧਨੰਜੈ ਦੇ ਨਾਲ ਰਹਿਣ ਲੱਗ ਗਈ ਸੀ। ਉਸ ਦੇ ਅਤੇ ਨੇਮ ਪਾਲ ਦੇ 4 ਬੱਚੇ ਹਨ। ਸ਼ਾਲੂ ਨੇ ਧਨੰਜੈ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ। ਉਥੇ ਹੀ ਗੁੰਮਸ਼ੁਦਗੀ ਦੀ ਜਾਣਕਾਰੀ ਲੈ ਧਨੰਜੈ ਦਾ ਵੱਡਾ ਭਰਾ ਰੰਜੈ ਕੁਮਾਰ ਬਿਹਾਰ ਤੋਂ 17 ਅਕਤੂਬਰ ਨੂੰ ਆਇਆ। ਉਸ ਦੀ ਸ਼ਿਕਾਇਤ ’ਤੇ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਾਲੂ ਨੇ ਰੰਜੈ ਨੂੰ ਆਪਣੇ ਅਤੇ ਧਨੰਜੈ ਦੇ ਰਿਸ਼ਤੇ ਅਤੇ ਇਸ ਸਬੰਧੀ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿਰੋਧ ਬਾਰੇ ਦੱਸਿਆ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਉਸ ਨੇ ਕਮਲੇਸ਼, ਨੇਮ ਪਾਲ ਅਤੇ ਤਿੰਨ ਹੋਰਾਂ ਨੂੰ ਮੌਲੀ ਜਾਗਰਣ 'ਚ ਉਸ ਦੇ ਘਰ 'ਚ ਦਾਖਲ ਹੋ ਕੇ ਧਨੰਜੈ ਨੂੰ ਬੁਰੀ ਤਰ੍ਹਾਂ ਕੁੱਟਦੇ ਦੇਖਿਆ ਸੀ। ਉਸ ਤੋਂ ਬਾਅਦ ਉਸ ਨੂੰ ਆਟੋ ਵਿੱਚ ਪਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਨੇਮ ਪਾਲ ਨੂੰ ਧਨੰਜੈ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਬਿਹਾਰ ਜਾਣ ਲਈ ਰੇਲਗੱਡੀ ਚੜ੍ਹਾ ਦਿੱਤੀ ਹੈ ਅਤੇ ਉਹ ਭਵਿੱਖ ਵਿੱਚ ਉਸ ਨਾਲ ਸੰਪਰਕ ਨਹੀਂ ਕਰੇਗਾ। ਪੁਲਿਸ ਨੇ ਮਾਮਲੇ ਵਿੱਚ ਸਬੰਧਤ ਆਟੋ ਰਿਕਸ਼ਾ ਬਰਾਮਦ ਕਰ ਲਿਆ ਹੈ।
ਸ਼ਾਲੂ ਦਾ ਪਤੀ ਕਥਿਤ ਰੂਪ ਵਿਚ ਸ਼ਰਾਬੀ ਦੱਸਿਆ ਜਾਂਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਅਜਿਹੇ 'ਚ ਸ਼ਾਲੂ ਉਸ ਤੋਂ ਵੱਖ ਹੋਣਾ ਚਾਹੁੰਦੀ ਸੀ। ਧਨੰਜੈ ਉਸ ਨੂੰ ਚੰਗਾ ਆਦਮੀ ਜਾਪਦਾ ਸੀ ਜੋ ਉਸ ਦੇ ਬੱਚਿਆਂ ਦੀ ਵੀ ਦੇਖਭਾਲ ਕਰਦਾ ਸੀ। ਉਸ ਨੇ ਸ਼ਾਲੂ ਅਤੇ ਬੱਚਿਆਂ ਦਾ ਬੈਂਕ ਖਾਤਾ ਵੀ ਖੋਲ੍ਹਿਆ ਹੋਇਆ ਸੀ। ਸ਼ਾਲੂ ਦੇ ਧਨੰਜੈ ਨਾਲ ਸਬੰਧਾਂ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਪਤੀ ਅਤੇ ਮਾਂ ਅਤੇ ਹੋਰਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।