ਸੂਬਾ ਸਰਕਾਰ ਸੰਕਰਮਿਤ ਬੱਚਿਆਂ ਦੇ ਇਲਾਜ ਦਾ ਪੂਰਾ ਖਰਚਾ ਸਹਿਣ ਕਰੇਗੀ
ਰਾਂਚੀ : ਝਾਰਖੰਡ ਦੇ ਪਛਮੀ ਸਿੰਘਭੂਮ ਜ਼ਿਲ੍ਹੇ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਪੰਜ ਬੱਚੇ ਐਚ.ਆਈ.ਵੀ. ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਤਵਾਰ ਨੂੰ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ ਹਨ।
ਪਛਮੀ ਸਿੰਘਭੂਮ ਦੇ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਚਾਈਬਾਸਾ ਦੇ ਸਥਾਨਕ ਬਲੱਡ ਬੈਂਕ ’ਚ ਐਚ.ਆਈ.ਵੀ. ਸੰਕਰਮਿਤ ਖੂਨ ਚੜ੍ਹਾਉਣ ਦਾ ਦੋਸ਼ ਲਾਉਣ ਤੋਂ ਇਕ ਦਿਨ ਬਾਅਦ ਰਾਂਚੀ ਦੀ ਪੰਜ ਮੈਂਬਰੀ ਮੈਡੀਕਲ ਟੀਮ ਨੇ ਐਤਵਾਰ ਨੂੰ ਜਾਂਚ ਦੌਰਾਨ ਚਾਰ ਹੋਰ ਬੱਚੇ ਐਚ.ਆਈ.ਵੀ. ਪਾਜ਼ੇਟਿਵ ਪਾਏ ਹਨ।
ਚਾਈਬਾਸਾ ’ਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ’ਚ ਐਚ.ਆਈ.ਵੀ. ਸੰਕਰਮਿਤ ਖੂਨ ਚੜ੍ਹਾਉਣ ਦੀਆਂ ਰੀਪੋਰਟਾਂ ਤੋਂ ਬਾਅਦ ਪਛਮੀ ਸਿੰਘਭੂਮ ਦੇ ਸਿਵਲ ਸਰਜਨ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ ਗਏ ਹਨ। ਸੂਬਾ ਸਰਕਾਰ ਪ੍ਰਭਾਵਤ ਬੱਚਿਆਂ ਦੇ ਪਰਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਅਤੇ ਸੰਕਰਮਿਤ ਬੱਚਿਆਂ ਦੇ ਇਲਾਜ ਦਾ ਪੂਰਾ ਖਰਚਾ ਸਹਿਣ ਕਰੇਗੀ।
ਸੱਤ ਸਾਲ ਦੇ ਬੱਚੇ ਦੇ ਪਰਵਾਰ ਦੇ ਦੋਸ਼ਾਂ ਤੋਂ ਬਾਅਦ ਸੂਬਾ ਸਰਕਾਰ ਨੇ ਇਹ ਪਤਾ ਲਗਾਉਣ ਲਈ ਇਕ ਮੈਡੀਕਲ ਟੀਮ ਦਾ ਗਠਨ ਕੀਤਾ ਕਿ ਬੱਚੇ ਨੂੰ ਦੂਸ਼ਿਤ ਖੂਨ ਕਿਵੇਂ ਮਿਲਿਆ। ਅਧਿਕਾਰੀਆਂ ਨੇ ਦਸਿਆ ਕਿ ਜਦੋਂ ਤੋਂ ਬੱਚੇ ਨੇ ਬਲੱਡ ਬੈਂਕ ’ਚ ਜਾਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਕਰੀਬ 25 ਯੂਨਿਟ ਖੂਨ ਚੜ੍ਹਾਇਆ ਗਿਆ ਹੈ। ਹਾਲਾਂਕਿ ਜ਼ਿਲ੍ਹਾ ਸਿਵਲ ਸਰਜਨ ਡਾ. ਸੁਸ਼ਾਂਤੋ ਮਾਝੀ ਨੇ ਕਿਹਾ ਸੀ ਕਿ ਬੱਚੇ ਦਾ ਇਕ ਹਫ਼ਤਾ ਪਹਿਲਾਂ ਐਚ.ਆਈ.ਵੀ. ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਦੀ ਲਾਗ ਦੂਸ਼ਿਤ ਸੂਈਆਂ ਦੇ ਸੰਪਰਕ ਸਮੇਤ ਹੋਰ ਕਾਰਕਾਂ ਕਰਕੇ ਵੀ ਹੋ ਸਕਦੀ ਹੈ।
ਡਾਇਰੈਕਟਰ (ਸਿਹਤ ਸੇਵਾਵਾਂ) ਡਾ. ਦਿਨੇਸ਼ ਕੁਮਾਰ ਦੀ ਅਗਵਾਈ ਵਾਲੀ ਪੰਜ ਮੈਂਬਰੀ ਟੀਮ ਨੇ ਸਦਰ ਹਸਪਤਾਲ ਦੇ ਬਲੱਡ ਬੈਂਕ ਅਤੇ ਬੱਚਿਆਂ ਦੀ ਇੰਟੈਂਸਿਵ ਕੇਅਰ ਯੂਨਿਟ ਵਾਰਡ ਦਾ ਨਿਰੀਖਣ ਕੀਤਾ ਅਤੇ ਇਲਾਜ ਕਰਵਾ ਰਹੇ ਬੱਚਿਆਂ ਦੇ ਵੇਰਵੇ ਇਕੱਠੇ ਕੀਤੇ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲਗਦਾ ਹੈ ਕਿ ਥੈਲੇਸੀਮੀਆ ਦੇ ਮਰੀਜ਼ ਨੂੰ ਦੂਸ਼ਿਤ ਖੂਨ ਦਿਤਾ ਗਿਆ ਸੀ। ਜਾਂਚ ਦੌਰਾਨ ਬਲੱਡ ਬੈਂਕ ’ਚ ਕੁੱਝ ਅੰਤਰ ਪਾਏ ਗਏ ਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਸੁਲਝਾਉਣ ਦੇ ਹੁਕਮ ਦਿਤੇ ਗਏ ਹਨ। ਇਸ ਸਮੇਂ ਪਛਮੀ ਸਿੰਘਭੂਮ ਜ਼ਿਲ੍ਹੇ ਵਿਚ 515 ਐਚ.ਆਈ.ਵੀ. ਪਾਜ਼ੇਟਿਵ ਕੇਸ ਅਤੇ 56 ਥੈਲੇਸੀਮੀਆ ਦੇ ਮਰੀਜ਼ ਹਨ।
