
ਤਿੰਨ ਕਿਸਾਨ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ।
ਨਵੀਂ ਦਿੱਲੀ: ਤਿੰਨ ਕਿਸਾਨ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਅੰਦੋਲਨ ਭਾਜਪਾ ਸਰਕਾਰ ਦੇ ਹੰਕਾਰ ਅਤੇ ਕਿਸਾਨਾਂ 'ਤੇ ਅੱਤਿਆਚਾਰ ਵਜੋਂ ਜਾਣਿਆ ਜਾਵੇਗਾ।
Priyanka Gandhi
ਆਪਣੇ ਟਵੀਟ ਵਿਚ ਉਹਨਾਂ ਨੇ ਅੰਦੋਲਨ ਨਾਲ ਜੁੜੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਕਿਸਾਨ ਅੰਦੋਲਨ ਦਾ ਇਕ ਸਾਲ, ਕਿਸਾਨਾਂ ਦਾ ਅਡੋਲ ਸੱਤਿਆਗ੍ਰਹਿ, 700 ਕਿਸਾਨਾਂ ਦੀ ਸ਼ਹਾਦਤ ਅਤੇ ਬੇਰਹਿਮ ਭਾਜਪਾ ਸਰਕਾਰ ਦਾ ਹੰਕਾਰ ਅਤੇ ਅੰਨਦਾਤਿਆਂ ਉੱਤੇ ਅੱਤਿਆਚਾਰ ਲਈ ਜਾਣਿਆ ਜਾਵੇਗਾ ਪਰ ਭਾਰਤ ਵਿਚ ਕਿਸਾਨ ਦੀ ਜੈ-ਜੈਕਾਰ ਹਮੇਸ਼ਾਂ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਗੱਲ ਦਾ ਸਬੂਤ ਹੈ। ਜੈ ਕਿਸਾਨ।"
Tweet
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਨੇ ਟਵਿਟਰ 'ਤੇ ਕਿਹਾ ਸੀ ਕਿ ਮੋਦੀ ਜੀ ਦੇ ਰਾਜ ਵਿਚ ਕੁਝ ਵੀ ਅਜਿਹਾ ਨਹੀਂ ਬਚਿਆ ਜੋ ਮਹਿੰਗਾ ਨਾ ਕੀਤਾ ਗਿਆ ਹੋਵੇ। ਆਟਾ ਮਹਿੰਗਾ, ਮੋਬਾਈਲ ਡਾਟਾ ਮਹਿੰਗਾ, ਜੀਵਨ ਬੀਮਾ ਮਹਿੰਗਾ, ਜੀਵਨ ਜਿਊਣਾ ਮਹਿੰਗਾ, ਕੱਪੜੇ ਮਹਿੰਗੇ, ਜੁੱਤੀਆਂ ਮਹਿੰਗੀਆਂ, ਸਬਜ਼ੀਆਂ ਅਤੇ ਦਾਲਾਂ ਮਹਿੰਗੀਆਂ। ਬਹੁਤ ਹੋਈ ਮਹਿੰਗਾਈ ਦੀ ਮਾਰ ਦਾ ਨਾਅਰਾ ਦੇਣ ਵਾਲੇ ਹਰ ਰੋਜ਼ ਜਨਤਾ 'ਤੇ ਮਹਿੰਗਾਈ ਨਾਲ ਹਮਲੇ ਕਰ ਰਹੇ ਹਨ।
Farmers Protest
ਜ਼ਿਕਰਯੋਗ ਹੈ ਕਿ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਇਕ ਸਾਲ ਤੋਂ ਦਿੱਲੀ ਬਾਰਡਰਾਂ 'ਤੇ ਡਟੇ ਹੋਏ ਹਨ। ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।