
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਭਾਜਪਾ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੈ।
ਸੀਤਾਪੁਰ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਭਾਜਪਾ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੈ। ਉਹਨਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਅਤੇ ਰਾਮ ਭਗਤਾਂ 'ਤੇ ਕਦੇ ਵੀ ਗੋਲੀ ਨਹੀਂ ਚਲਾ ਸਕਦੀ। ਰਾਜਨਾਥ ਸਿੰਘ ਯੂਪੀ ਦੇ ਸੀਤਾਪੁਰ ਵਿਖੇ ਬੂਥ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ, "ਸਾਡੀ ਪਾਰਟੀ ਕਿਸਾਨਾਂ ਪ੍ਰਤੀ ਹਮੇਸ਼ਾ ਸੰਵੇਦਨਸ਼ੀਲ ਰਹੀ ਹੈ, ਇਸ ਲਈ ਸਾਡੇ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ।"
Defence Minister Rajnath Singh
ਸਮਾਜਵਾਦੀ ਪਾਰਟੀ 'ਤੇ ਹਮਲਾ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ, "ਗੈਰ-ਭਾਜਪਾ ਸਰਕਾਰਾਂ 'ਚ ਕਿਸਾਨਾਂ 'ਤੇ ਗੋਲੀ ਚਲਾਈ ਗਈ। ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਰਾਮ ਭਗਤਾਂ 'ਤੇ ਗੋਲੀ ਚਲਾਈ। ਅਸੀਂ ਨਾ ਤਾਂ ਕਿਸਾਨਾਂ 'ਤੇ ਗੋਲੀ ਚਲਾ ਸਕਦੇ ਹਾਂ ਅਤੇ ਨਾ ਹੀ ਰਾਮ ਭਗਤਾਂ 'ਤੇ। ਅਸੀਂ ਧਰਮ, ਜਾਤ ਦੇ ਅਧਾਰ 'ਤੇ ਸੱਤਾ ਨਹੀਂ ਚਾਹੁੰਦੇ। ਇਹ ਸੱਤਾ ਮਨਜ਼ੂਰ ਨਹੀਂ ਹੈ। ਸਿਰਫ਼ ਸਪਾ ਹੀ ਅਜਿਹਾ ਕਰ ਸਕਦੀ ਹੈ।"
Farmers Protest
ਸਮਾਜਵਾਦੀ ਪਾਰਟੀ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ, "ਉਹ ਵੰਡ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੀ ਹੈ ਤਾਂ ਹੀ ਉਹ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਬਾਰੇ ਗੱਲ ਕਰਦੀ ਹੈ, ਜੋ ਸਾਡੇ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਹਨ। ਇਥੋਂ ਤੱਕ ਕਿ ਮੁਸਲਿਮ ਭਾਈਚਾਰੇ ਨੇ ਵੀ ਇਸ ਲਈ ਸਪਾ ਦੀ ਆਲੋਚਨਾ ਕੀਤੀ ਹੈ।"
Rajnath Singh
ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ, "ਭਾਜਪਾ ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੀ, ਸਾਡਾ ਚੋਣ ਮੈਨੀਫੈਸਟੋ ਵੀ ਝੂਠੇ ਦਾਅਵਿਆਂ ਤੋਂ ਮੁਕਤ ਹੈ।" ਉਹਨਾਂ ਦਾਅਵਾ ਕੀਤਾ ਕਿ 2024 ਤੱਕ ਦੇਸ਼ ਵਿਚ ਹਰ ਕਿਸੇ ਕੋਲ ਪੱਕਾ ਘਰ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਹੋਵੇਗਾ। ਇਸ ਦੌਰਾਨ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਵੀ ਤਾਰੀਫ ਕੀਤੀ।