
ਦਿੱਲੀ ਦੀ ਹਿੱਕ 'ਤੇ ਬੈਠੇ ਕਿਸਾਨਾਂ ਦੇ ਜੋਸ਼-ਜਜ਼ਬੇ ਨੇ ਸਰਕਾਰ ਦਾ ਹੰਕਾਰ ਕੀਤਾ ਚੂਰ-ਚੂਰ
ਨਵੀਂ ਦਿੱਲੀ : ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਅਤੇ ਅੱਜ ਵੀ ਕਿਸਾਨ ਪਹਿਲੇ ਦਿਨ ਦੀ ਤਰ੍ਹਾਂ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਸਪੋਕਸਮੈਨ ਵਲੋਂ ਵਿਸ਼ੇਸ਼ ਤੌਰ 'ਤੇ ਕਿਸਾਨੀ ਸੰਘਰਸ਼ ਵਿਚ ਪਹੁੰਚ ਕੇ ਕਿਸਾਨਾਂ ਨਾਲ ਗਲਬਾਤ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿਤਾ ਹੈ ਪਰ ਜਦੋਂ ਤੱਕ ਉਨ੍ਹਾਂ ਨੂੰ ਇਸ ਦੀ ਗਰੰਟੀ ਨਹੀਂ ਮਿਲਦੀ ਉਦੋਂ ਤੱਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕਿਸੇ ਵੀ ਗੱਲ 'ਤੇ ਕੋਈ ਭਰੋਸਾ ਨਹੀਂ ਹੈ।
farmers protest
ਇੱਕ ਕਿਸਾਨ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਜਿਹੜੇ ਅਤਿਵਾਦੀ ਅਤੇ ਖਾਲਿਸਤਾਨੀ ਲਗਦੇ ਸਨ ਹੁਣ ਉਨ੍ਹਾਂ ਨੂੰ ਕਿਸਾਨ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਜਿੱਤ ਪ੍ਰਧਾਨ ਮੰਤਰੀ ਕਰ ਕੇ ਨਹੀਂ ਸਗੋਂ ਬਾਬੇ ਨਾਨਕ ਕਰ ਕੇ ਹੋਈ ਹੈ ਕਿਉਂਕਿ ਇਹ ਐਲਾਨ ਵੀ ਬਾਬੇ ਨਾਨਕ ਦੇ ਗੁਰਪੁਰਬ ਮੌਕੇ ਹੀ ਹੋਇਆ ਸੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ MSP ਅਤੇ ਬਾਕੀ ਦੀਆਂ ਮੰਗ ਜੋ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਹਨ, ਉਸ ਬਾਬਤ ਲਿਖ਼ਤੀ ਰੂਪ ਵਿਚ ਨਹੀਂ ਮਿਲਦਾ ਉਦੋਂ ਤੱਕ ਇਹ ਸੰਘਰਸ਼ ਇਵੇਂ ਹੀ ਜਾਰੀ ਰਹੇਗਾ। ਸਾਡੀਆਂ ਕਿਸਾਨ ਯੂਨੀਅਨ ਦੀਆਂ 32 ਜਥੇਬੰਦੀਆਂ ਹਨ ਅਤੇ ਜੋ ਵੀ ਉਨ੍ਹਾਂ ਵਲੋਂ ਫ਼ੈਸਲਾ ਲਿਆ ਜਾਵੇਗਾ ਬਾਕੀ ਕਿਸਾਨਾਂ ਵਲੋਂ ਵੀ ਉਸ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।
ਦੱਸ ਦੇਈਏ ਕਿ ਸੰਘਰਸ਼ ਵਿਚ ਬਜ਼ੁਰਗਾਂ ਤੋਂ ਲੈ ਕੇ ਬੱਚੇ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮੋਗੇ ਦੇ ਪਿੰਡ ਰਾਜਿਆਣਾ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ ਮੌਕੇ 12 ਟਰੈਕਟਰ ਲੈ ਕੇ ਆਏ ਹਨ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕੇ ਕਿਸਾਨਾਂ ਵਿਚ ਅਜੇ ਵੀ ਜੋਸ਼ ਬਰਕਰਾਰ ਹੈ।
farmers protest
ਇਨ੍ਹਾਂ ਹੀ ਨਹੀਂ ਕਿਸਾਨੀ ਸੰਘਰਸ਼ ਦਾ ਜਾਇਜ਼ਾ ਲੈਂਦਿਆਂ ਸਪੋਕੇਸਮੈਨ ਨਾਲ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਤੋਂ ਆਏ ਇੱਕ ਕਿਸਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਆਏ ਹਨ। ਦੱਸ ਦੇਈਏ ਕਿ ਇਸ ਮੌਕੇ ਆਈ ਬੱਚੀ ਦੇ ਪੈਰ 'ਤੇ ਭਾਵੇਂ ਸੱਟ ਲੱਗੀ ਹੋਈ ਸੀ ਪਰ ਫਿਰ ਵੀ ਉਹ ਅੱਜ ਦੇ ਦਿਨ ਆਪਣਾ ਯੋਗਦਾਨ ਪਾਉਣ ਲਈ ਇਥੇ ਆਈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਪਹਿਲਾਂ ਵੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਚੁੱਕੀ ਹੈ ਅਤੇ ਕਈ ਸਨਮਾਨ ਵੀ ਹਾਸਲ ਕਰ ਚੁੱਕੀ ਹੈ।
farmers protest
ਦੱਸ ਦੇਈਏ ਕਿ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਪੰਜਾਬ ਤੋਂ ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਅਧਿਆਪਕ ਪਰਵਾਰ ਸਮੇਤ ਪਹੁੰਚੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇਸ ਮੋਰਚੇ ਦੇ ਨਾਲ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਤੋਂ ਪਹਿਲਾਂ ਵੀ GST ਅਤੇ ਨੋਤਬੰਦੀ ਵਰਗੇ ਕਈ ਫ਼ੈਸਲੇ ਲੈ ਕੇ ਆਈ ਸੀ ਅਤੇ ਉਸ ਵਿਚ ਉਹ ਝੁਕੀ ਨਹੀਂ ਪਰ ਸੰਯੁਕਤ ਕਿਸਾਨ ਮੋਰਚੇ ਦੀ ਚੰਗੀ ਅਗਵਾਈ ਹੇਠ ਚੱਲੇ ਇਸ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੋਕ ਧਰਮ, ਜਾਤ, ਫਿਰਕੇ ਦੇ ਵਖਰੇਵੇਂ ਤੋਂ ਉਪਰ ਉੱਠ ਕੇ ਸਰਕਾਰ ਖ਼ਿਲਾਫ਼ ਮੈਦਾਨ ਵਿਚ ਆ ਜਾਣ ਤਾਂ ਫਿਰ ਕੋਈ ਵੀ ਸਰਕਾਰ ਭਾਵੇਂ ਕਿੰਨੀ ਵੀ ਜਾਬਰ ਕਿਉਂ ਨਾ ਹੋਵੇ ਉਸ ਨੂੰ ਲੋਕਾਂ ਅੱਗੇ ਝੁਕਣਾ ਹੀ ਪੈਂਦਾ ਹੈ।
farmers protest
ਦੱਸਣਯੋਗ ਹੈ ਕਿ ਇਸ ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿਤਾ ਹੈ। ਇਸ ਮੌਕੇ ਸਪੋਕੇਸਮੈਨ ਨਾਲ ਗੱਲ ਕਰਦਿਆਂ ਗਾਇਕਾ ਰੁਪਿੰਦਰ ਹਾਂਡਾ ਨੇ ਕਿਹਾ ਕਿ ਅਸੀਂ ਅਜੇ ਵੀ ਜਿੱਤ ਤੋਂ ਇੱਕ ਕਦਮ ਪਿੱਛੇ ਹਾਂ ਭਾਵੇਂ ਕਿ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿਤਾ ਹੈ ਪਰ ਜਦੋਂ ਤੱਕ ਇਹ ਸਾਨੂੰ ਲਿਖ਼ਤੀ ਰੂਪ ਵਿਚ ਨਹੀਂ ਮਿਲ ਜਾਂਦਾ ਉਂਦੋਂ ਤੱਕ ਇਹ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਅਤੇ ਮੁੱਖ ਮੰਗ MSP ਹੀ ਹੈ ਜਦੋਂ ਤੱਕ ਇਸ ਬਾਬਤ ਕੋਈ ਲਿਖ਼ਤੀ ਗਰੰਟੀ ਨਹੀਂ ਮਿਲਦੀ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਹਰ ਉਸ ਬੰਦੇ ਦਾ ਹੈ ਜੋ ਰੋਟੀ ਖਾਂਦਾ ਹੈ ਕਿਉਂਕਿ ਹਰ ਇੱਕ ਨੂੰ ਢਿੱਡ ਭਰਨ ਲਈ ਰੋਟੀ ਚਾਹੀਦੀ ਹੈ, ਜੁਮਲਿਆਂ ਨਾਲ ਢਿੱਡ ਨਹੀਂ ਭਰਦਾ। ਇਹ ਲੋਕਾਂ ਦਾ ਅੰਦੋਲਨ ਹੈ ਜਿਸ ਵਿਚ ਹਰ ਵਰਗ ਵਲੋਂ ਖੁਲ੍ਹੇ ਦਿਲ ਨਾਲ ਸਾਥ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਏਕੇ ਕਰ ਕੇ ਹੀ ਸੰਭਵ ਹੋ ਸਕਿਆ ਹੈ ਕਿ ਸਰਕਾਰ ਇਹ ਬਿੱਲ ਵਾਪਸ ਕਰਨ ਲਈ ਮੰਨ ਗਈ ਹੈ।
farmers protest
ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੂੰ ਇਨ੍ਹਾਂ ਬਿੱਲਾਂ ਬਾਰੇ ਡੂੰਘਾਈ ਨਾਲ ਨਹੀਂ ਪਤਾ ਸੀ ਪਰ ਇਸ ਅੰਦੋਲਨ ਦਾ ਹਿੱਸਾ ਬਣ ਕੇ ਹੁਣ ਤਾਂ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਹੋ ਗਈ ਹੈ। ਇਸ ਲਈ ਇਨ੍ਹਾਂ ਦੀ ਅਹਿਮੀਅਤ ਨੂੰ ਸਮਝਦਿਆਂ ਖੇਤੀ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਇਥੋਂ ਜਾਣਾ ਪੂਰੇ ਸੰਘਰਸ਼ ਨੂੰ ਅਸਫਲ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਅੰਦੋਲਨ ਐਨਾ ਵੱਡਾ ਅਤੇ ਇਨਾ ਸਮਾਂ ਨਹੀਂ ਚੱਲਿਆ ਪਰ ਇਹ ਕਿਸਾਨੀ ਸੰਘਰਸ਼ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ ਹੈ।
ਇਸ ਮੌਕੇ ਕ੍ਰਾਂਤੀਕਾਰੀ ਜਥੇਬੰਦੀ ਪੰਜਾਬ ਦੀ ਮੈਂਬਰ ਰਾਜਿੰਦਰ ਕੌਰ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਵਾਲਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਹ ਜਿੱਤ ਅਧੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਅਤੇ ਲਖੀਮਪੁਰ ਖੇੜੀ ਦੇ ਦੋਸ਼ੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਦੇ ਨਾਲ ਨਾਲ ਉਸ ਦੇ ਪੁੱਤਰ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
farmers protest
ਸੰਘਰਸ਼ ਵਿਚ ਸ਼ਿਰਕਤ ਕਰਨ ਪਹੁੰਚੇ ਇੱਕ ਕਿਸਾਨ ਨੇ ਗਦਰੀ ਬਾਬਿਆਂ ਵਲੋਂ ਫਾਸੀਂ 'ਤੇ ਚੜ੍ਹਨ ਤੋਂ ਪਹਿਲਾਂ ਲਿਖੀ ਕਵਿਤਾ ਦਾ ਜ਼ਿਕਰ ਕੀਤਾ -
''ਸਦਾ ਜੀਵਨ ਨਹੀਂ ਜਹਾਨ ਅੰਦਰ
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ
ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ
ਸਦਾ ਜਾਬਰਾਂ ਹੱਥ ਤਲਵਾਰ ਨਾਹੀ
ਰੰਗ ਬਦਲਦੀ ਰਹੇਗੀ ਸਦਾ ਕੁਦਰਤ
ਬੰਦਾ ਵਕਤ ਕਿਸੇ ਦਾ ਯਾਰ ਨਹੀਂ
ਹੋਸੀ ਧਰਮ ਦੀ ਜਿੱਤ ਅਖ਼ੀਰ ਬੰਦੇ
ਬੇੜੀ ਪਾਪ ਦੀ ਲੱਗਣੀ ਪਾਰ ਨਾਹੀ''
ਇਸ ਲਈ ਅੱਜ ਧਰਮ ਦੀ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਜਿੱਤ ਹੋਈ ਹੈ ਅਤੇ ਇਹ ਸਾਰੇ ਭਾਰਤ ਵਾਸੀਆਂ ਦੀ ਜਿੱਤੀ ਹੈ ਜਿਸ ਕਾਰਨ ਸਾਰੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ।