
ਕਿਹਾ- ਜ਼ਿੰਮੇਵਾਰ ਅਤੇ ਦੋਸ਼ੀ ਵਿਅਕਤੀ ਖ਼ਿਲਾਫ਼ ਕੀਤੀ ਜਾਵੇਗੀ ਸਖਤ ਕਾਰਵਾਈ
ਰਾਜਸਥਾਨ: ਬਾਂਸਵਾੜਾ ਜ਼ਿਲ੍ਹੇ ਦੇ ਦਾਨਾਪੁਰ ਇਲਾਕੇ 'ਚ ਐਂਬੂਲੈਂਸ 'ਚ ਤੇਲ ਖਤਮ ਹੋਣ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ ਸੀ ਜਿਸ ਵਿਚ ਹੁਣ ਵਿਭਾਗ ਵਲੋਂ ਕਾਰਵਾਈ ਆਰੰਭ ਕਰ ਦਿਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਰਾਜਸਥਾਨ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਐਮਬੂਲੈਂਸ ਦਾ ਤੇਲ ਖਤਮ ਹੋ ਗਿਆ। ਮਰੀਜ਼ ਦੇ ਧੀ-ਜਵਾਈ ਅਤੇ ਹੋਰ ਲੋਕਾਂ ਨੇ ਐਂਬੂਲੈਂਸ ਨੂੰ ਇਕ ਕਿਲੋਮੀਟਰ ਤੱਕ ਧੱਕਾ ਵੀ ਲਗਾਇਆ ਪਰ ਮਰੀਜ਼ ਦੀ ਜਾਨ ਨਹੀਂ ਬਚਾਈ ਜਾ ਸਕੀ। ਹੁਣ ਸਿਹਤ ਵਿਭਾਗ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਦਾਨਾਪੁਰ ਦੀ ਰਹਿਣ ਵਾਲੀ 40 ਸਾਲਾ ਤੇਜੀਆ ਅਚਾਨਕ ਬੀਮਾਰ ਹੋ ਗਈ ਸੀ। ਰਿਸ਼ਤੇਦਾਰਾਂ ਨੇ 108 'ਤੇ ਐਂਬੂਲੈਂਸ ਨੂੰ ਫੋਨ ਕੀਤਾ। ਤੇਜੀਆ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ। ਰਸਤੇ 'ਚ ਬਾਂਸਵਾੜਾ ਤੋਂ ਕਰੀਬ 10 ਕਿਲੋਮੀਟਰ ਦੂਰ ਰਤਲਾਮ ਰੋਡ 'ਤੇ ਟੋਲ ਕੋਲ ਐਂਬੂਲੈਂਸ ਰੁਕ ਗਈ। ਪਤਾ ਲੱਗਾ ਕਿ ਐਂਬੂਲੈਂਸ ਦਾ ਤੇਲ ਖਤਮ ਹੋ ਗਿਆ ਸੀ। ਮਾਮਲੇ 'ਚ ਬਾਂਸਵਾੜਾ ਦੇ ਸੀ.ਐੱਮ.ਐੱਚ.ਓ ਨੇ ਕਿਹਾ, ਸਾਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਗੇ ਅਤੇ ਲਾਪ੍ਰਵਾਹੀ ਬਾਰੇ ਪਤਾ ਲਗਾਉਣਗੇ। 108 ਐਂਬੂਲੈਂਸ ਇੱਕ ਨਿੱਜੀ ਏਜੰਸੀ ਵੱਲੋਂ ਚਲਾਈ ਜਾ ਰਹੀ ਹੈ। ਉਹ ਐਂਬੂਲੈਂਸ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। ਕਿੱਥੇ ਲਾਪ੍ਰਵਾਹੀ ਹੋਈ ਹੈ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਉਧਰ ਰਾਜਸਥਾਨ ਸਰਕਾਰ 'ਚ ਮੰਤਰੀ ਪ੍ਰਤਾਪ ਸਿੰਘ ਖ਼ਚਰਿਆਵਾਸ ਨੇ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਜੇਕਰ ਐਮਬੂਲੈਂਸ ਵਿਚ ਪੈਟਰੋਲ ਖਤਮ ਹੋ ਗਿਆ ਅਤੇ ਮਰੀਜ਼ ਦੀ ਮੌਤ ਹੋ ਗਈ ਹੈ ਤਾਂ ਇਹ ਵਿਵਸਥਾ ਦੀ ਕਮੀ ਨਹੀਂ ਹੈ ਸਗੋਂ ਪ੍ਰਬੰਧਨ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।