
ਸਿਰਫ਼ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਖਰਚੇ 20 ਲੱਖ ਰੁਪਏ
ਪਟਨਾ - ਬਿਹਾਰ ਦੇ ਪਟਨਾ ਵਿਖੇ ਇੱਕ ਲਾੜੇ ਨੇ ਆਪਣੇ ਵਿਆਹ ਲਈ ਮਹਿਜ਼ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਸਤੇ, 'ਡੋਲੀ' ਵਜੋਂ ਵਰਤਣ ਲਈ 20 ਲੱਖ ਰੁਪਏ ਵਿੱਚ ਹੈਲੀਕਾਪਟਰ ਕਿਰਾਏ 'ਤੇ ਲਿਆ।
ਇਸ ਲਾੜੇ ਦਾ ਨਾਂਅ ਡਾ. ਪ੍ਰਭਾਤ ਕੁਮਾਰ ਹੈ, ਜੋ ਕਾਲਜ ਆਫ਼ ਮੈਡੀਸਨ ਅਤੇ ਸਗੋਰ ਦੱਤਾ ਹਸਪਤਾਲ ਕੋਲਕਾਤਾ ਦਾ ਇੱਕ ਜਨਰਲ ਫਿਜ਼ੀਸ਼ੀਅਨ ਹੈ। ਪ੍ਰਭਾਤ ਨੇ ਆਪਣੇ ਕਿਸਾਨ ਪਿਤਾ ਸਵਰਗੀ ਰਾਮਾਨੰਦ ਸਿੰਘ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਲਈ ਏਸ ਏਅਰ ਸਰਵਿਸ, ਨਵੀਂ ਦਿੱਲੀ ਤੋਂ ਹੈਲੀਕਾਪਟਰ ਕਿਰਾਏ 'ਤੇ ਲਿਆ। ਰਾਮਾਨੰਦ ਸਿੰਘ ਦੀ ਮੌਤ ਪਿਛਲੇ ਸਾਲ ਜੁਲਾਈ 'ਚ ਪ੍ਰਭਾਤ ਦੀ 28 ਸਾਲਾ ਨਿਸ਼ੀ ਕੁਮਾਰੀ ਨਾਲ ਮੰਗਣੀ ਤੋਂ ਦੋ ਦਿਨ ਬਾਅਦ ਹੋ ਗਈ ਸੀ।
ਕੁਮਾਰ ਫੁਲਵਾੜੀ ਸਬ-ਡਿਵੀਜ਼ਨ ਦੇ ਪਾਰਸਾ ਬਾਜ਼ਾਰ ਖੇਤਰ ਦੇ ਸੁਮੇਰੀ ਟੋਲਾ ਦਾ ਵਸਨੀਕ ਹੈ, ਜਦਕਿ ਨਿਸ਼ੀ ਕੁਮਾਰੀ ਉਸੇ ਸਬ-ਡਿਵੀਜ਼ਨ ਵਿੱਚ ਮਿੱਤਰ ਮੰਡਲ ਕਲੋਨੀ, ਕਰੋੜੀਚੱਕ ਵਿੱਚ ਰਹਿੰਦੀ ਹੈ। ਦੋਵਾਂ ਦੇ ਘਰਾਂ ਦੀ ਦੂਰੀ ਮਹਿਜ਼ 10 ਕਿਲੋਮੀਟਰ ਹੈ।
“ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਆਪਣੇ ਵਿਆਹ ਲਈ ਹੈਲੀਕਾਪਟਰ ਵਿੱਚ ਜਾਵਾਂ, ਅਤੇ ਆਪਣੀ ਪਤਨੀ ਨੂੰ ਇਸ ਵਿੱਚ ਘਰ ਲੈ ਜਾਵਾਂ। ਅੱਜ, ਮੈਂ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ ਹੈ,” ਕੁਮਾਰ ਨੇ ਕਿਹਾ।
ਹੈਲੀਕਾਪਟਰ ਦੁਲਹਨ ਦੇ ਘਰ ਦੇ ਨਾਲ ਲੱਗਦੇ ਖੇਤ ਵਿੱਚ ਉੱਤਰਿਆ, ਜਿੱਥੇ ਦੋਵਾਂ ਨੇ ਆਪਣੇ ਵਿਆਹ ਦੀ ਰਸਮ ਅਦਾ ਕੀਤੀ।