ਯੂ.ਪੀ. ਏ.ਟੀ.ਐੱਸ. ਨੇ ਬਠਿੰਡਾ ਦੇ ਰਹਿਣ ਵਾਲੇ ਅੰਮ੍ਰਿਤ ਗਿੱਲ ਉਰਫ ਅੰਮ੍ਰਿਤ ਪਾਲ (25) ਅਤੇ ਗਾਜ਼ੀਆਬਾਦ ਦੇ ਰਿਆਜ਼ੂਦੀਨ (36) ਨੂੰ ਗ੍ਰਿਫਤਾਰ ਕੀਤਾ
ISI Spy News : ਉੱਤਰ ਪ੍ਰਦੇਸ਼ ਦੇ ਅਤਿਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਲਈ ਜਾਸੂਸੀ ਕਰਨ ਅਤੇ ਅਤਿਵਾਦ ਨੂੰ ਫੰਡਿੰਗ ਕਰਨ ਦੇ ਦੋਸ਼ ’ਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ ਹੈ। ਏ.ਟੀ.ਐੱਸ. ਹੈੱਡਕੁਆਰਟਰ ਵਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਏ.ਟੀ.ਐੱਸ. ਨੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਅੰਮ੍ਰਿਤ ਗਿੱਲ ਉਰਫ ਅੰਮ੍ਰਿਤ ਪਾਲ (25) ਅਤੇ ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਦੇ ਫਰੀਦਨਗਰ ਦੇ ਰਹਿਣ ਵਾਲੇ ਰਿਆਜ਼ੂਦੀਨ (36) ਨੂੰ ਗ੍ਰਿਫਤਾਰ ਕੀਤਾ ਹੈ।
ਏ.ਟੀ.ਐੱਸ. ਦੀ ਟੀਮ ਨੇ ਅੰਮ੍ਰਿਤ ਗਿੱਲ ਨੂੰ 23 ਨਵੰਬਰ ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਟਰਾਂਜ਼ਿਟ ਰਿਮਾਂਡ ’ਤੇ ਇੱਥੇ ਲਿਆਂਦਾ ਸੀ, ਜਦਕਿ ਰਿਆਜ਼ੂਦੀਨ ਨੂੰ ਪੁੱਛ-ਪੜਤਾਲ ਲਈ ਏ.ਟੀ.ਐੱਸ. ਹੈੱਡਕੁਆਰਟਰ ਸਦਿਆ ਗਿਆ ਸੀ, ਜਿੱਥੇ ਉਸ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਏ.ਟੀ.ਐੱਸ. ਮੁਤਾਬਕ ਦਸਿਆ ਜਾ ਰਿਹਾ ਸੀ ਕਿ ਕੁੱਝ ਲੋਕਾਂ ਨੂੰ ਸ਼ੱਕੀ ਸਰੋਤਾਂ ਤੋਂ ਪੈਸੇ ਮਿਲ ਰਹੇ ਸਨ, ਜਿਨ੍ਹਾਂ ਦੀ ਵਰਤੋਂ ਅਤਿਵਾਦੀ ਗਤੀਵਿਧੀਆਂ ਅਤੇ ਜਾਸੂਸੀ ਲਈ ਕੀਤੀ ਜਾ ਰਹੀ ਸੀ।
ਬਿਆਨ ਅਨੁਸਾਰ, ਜਾਸੂਸੀ ਅਤੇ ਆਈ.ਐਸ.ਆਈ. ਦੇ ਸੰਪਰਕ ’ਚ ਪੈਸੇ ਲਈ ਸੰਵੇਦਨਸ਼ੀਲ ਗੁਪਤ ਜਾਣਕਾਰੀ ਭੇਜਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਆਜ਼ੂਦੀਨ ਅਤੇ ਇਜ਼ਹਾਰੂਲ ਹੱਕ ਸਮੇਤ ਹੋਰਾਂ ਵਿਰੁਧ ਸਬੰਧਤ ਧਾਰਾਵਾਂ ਤਹਿਤ ਏ.ਟੀ.ਐੱਸ. ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਬੂਤ ਇਕੱਠੇ ਕਰਨ ਦੌਰਾਨ ਏ.ਟੀ.ਐੱਸ. ਨੇ ਰਿਆਜ਼ੂਦੀਨ ਦੇ ਬੈਂਕ ਖਾਤਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਮਾਰਚ 2022 ਤੋਂ ਅਪ੍ਰੈਲ 2022 ਦੇ ਵਿਚਕਾਰ ਲਗਭਗ 70 ਲੱਖ ਰੁਪਏ ਪ੍ਰਾਪਤ ਹੋਏ ਅਤੇ ਇਸ ਨੂੰ ਵੱਖ-ਵੱਖ ਖਾਤਿਆਂ ਵਿਚ ਟਰਾਂਸਫ਼ਰ ਵੀ ਕੀਤਾ ਗਿਆ।
ਇਸੇ ਕੜੀ ’ਚ ਬੈਂਕ ਤੋਂ ਆਟੋ ਚਾਲਕ ਅੰਮ੍ਰਿਤ ਗਿੱਲ ਨੂੰ ਪੈਸੇ ਭੇਜੇ ਗਏ, ਜਿਸ ਨੇ ਆਈ.ਐਸ.ਆਈ. ਨੂੰ ਜਾਣਕਾਰੀ ਦਿਤੀ। ਬਿਆਨ ’ਚ ਦੋਸ਼ ਲਾਇਆ ਗਿਆ ਹੈ ਕਿ ਅੰਮ੍ਰਿਤ ਗਿੱਲ ਨੇ ਫੌਜ ਦੇ ਟੈਂਕਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਰਿਆਜ਼ੁਦੀਨ ਅਤੇ ਇਜ਼ਹਾਰੂਲ ਰਾਜਸਥਾਨ ਵਿਚ ਵੈਲਡਿੰਗ ਦਾ ਕੰਮ ਕਰਦੇ ਸਮੇਂ ਇਕ-ਦੂਜੇ ਨੂੰ ਮਿਲੇ ਸਨ। ਉਦੋਂ ਤੋਂ ਉਹ ਇਕ-ਦੂਜੇ ਦੇ ਸੰਪਰਕ ਵਿਚ ਸਨ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਲਈ ਕੰਮ ਕਰ ਰਹੇ ਸਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਪੁੱਛ-ਪੜਤਾਲ ਅਤੇ ਮੁਢਲੇ ਸਬੂਤ ਇਕੱਠੇ ਕਰਨ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤ ਗਿੱਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਏਜੰਟ ਦੇ ਸੰਪਰਕ ਵਿਚ ਸੀ ਅਤੇ ਭਾਰਤੀ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਭੇਜਦਾ ਸੀ ਅਤੇ ਇਸ ਕਾਰਵਾਈ ਦੇ ਬਦਲੇ ਰਿਆਜ਼ੁੱਦੀਨ ਅਤੇ ਇਜ਼ਹਾਰੂਲ ਦੀ ਮਦਦ ਨਾਲ ਅੰਮ੍ਰਿਤ ਗਿੱਲ ਨੂੰ ਪੈਸੇ ਦਿਤੇ ਗਏ ਸਨ।
ਬਿਆਨ ਮੁਤਾਬਕ ਇਜ਼ਹਾਰੂਲ ਇਸ ਸਮੇਂ ਬਿਹਾਰ ਦੀ ਬੇਤੀਆ ਜੇਲ੍ਹ ’ਚ ਬੰਦ ਹੈ ਅਤੇ ਉਸ ਨੂੰ ਰਿਮਾਂਡ ’ਤੇ ਲਖਨਊ ਲਿਆਂਦਾ ਜਾਵੇਗਾ। ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਲ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਹੋਰ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮਾਮਲੇ ਦੀ ਜੜ੍ਹ ਤਕ ਪਹੁੰਚਿਆ ਜਾਵੇਗਾ।
(For more news apart from ISI Spy News, stay tuned to Rozana Spokesman)