
ਮੰਤਰਾਲੇ ਨੇ ਇਸ ਸਮੇਂ ਦੌਰਾਨ 48 ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ।
ਨਵੀਂ ਦਿੱਲੀ - ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿਚ ਸਥਾਈ ਨਿਯੁਕਤੀਆਂ ਲਈ ਪਿਛਲੇ ਇੱਕ ਦਹਾਕੇ ਵਿਚ ਸਿਰਫ਼ ਇੱਕ ਪ੍ਰੀਖਿਆ ਹੀ ਲਈ ਗਈ ਹੈ ਅਤੇ ਉਹ ਵੀ ਚਾਰ ਕੰਟੀਨ ਅਟੈਂਡੈਂਟਾਂ ਲਈ। ਹਾਲਾਂਕਿ, ਮੰਤਰਾਲੇ ਨੇ ਇਸ ਸਮੇਂ ਦੌਰਾਨ 48 ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ।
ਕੇਂਦਰੀ ਪੇਂਡੂ ਵਿਕਾਸ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਸੰਸਦ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਮੈਂਬਰ ਰਾਮਨਾਥ ਠਾਕੁਰ ਨੇ 23 ਦਸੰਬਰ ਨੂੰ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਪਿਛਲੇ ਦਹਾਕੇ ਦੌਰਾਨ ਸਥਾਈ ਨਿਯੁਕਤੀਆਂ ਲਈ ਕਰਵਾਈਆਂ ਗਈਆਂ ਵੱਖ-ਵੱਖ ਪ੍ਰੀਖਿਆਵਾਂ ਦੇ ਸਾਲ-ਵਾਰ ਵੇਰਵੇ ਮੰਗੇ ਸਨ। ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ''ਸਾਲ 2015 ਵਿਚ ਖੁਰਾਕ ਅਤੇ ਜਨਤਕ ਵੰਡ ਵਿਭਾਗ ਵਿਚ ਚਾਰ ਕੰਟੀਨ ਅਟੈਂਡੈਂਟਾਂ ਦੀ ਨਿਯਮਤ ਆਧਾਰ 'ਤੇ ਚੋਣ ਲਈ ਇਕ ਪ੍ਰੀਖਿਆ ਕਰਵਾਈ ਗਈ ਸੀ।
ਉਨ੍ਹਾਂ ਕਿਹਾ ਕਿ ਅਜਿਹੀ ਕੋਈ ਪ੍ਰੀਖਿਆ ਨਹੀਂ ਹੈ ਜਿਸ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ ਹੈ। ਸਾਧਵੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੰਤਰਾਲੇ ਵੱਲੋਂ ਕਰਵਾਈ ਗਈ ਕੋਈ ਵੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਹੈ। ਪਿਛਲੇ ਇੱਕ ਦਹਾਕੇ ਦੌਰਾਨ ਮੰਤਰਾਲੇ ਵੱਲੋਂ ਖ਼ਤਮ ਕੀਤੀਆਂ ਅਸਾਮੀਆਂ ਦੇ ਵੇਰਵਿਆਂ ਬਾਰੇ ਪੁੱਛੇ ਜਾਣ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਕੁੱਲ 48 ਅਸਾਮੀਆਂ ਖ਼ਤਮ ਕੀਤੀਆਂ ਗਈਆਂ ਹਨ।
ਉਨ੍ਹਾਂ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸਾਲ 2012 ਵਿਚ ਜੂਨੀਅਰ ਸਕੱਤਰੇਤ ਸਹਾਇਕ ਦੀਆਂ ਦੋ ਅਸਾਮੀਆਂ, ਸਾਲ 2015 ਵਿਚ ਕੰਟੀਨ ਅਟੈਂਡੈਂਟ ਦੀਆਂ ਚਾਰ ਅਸਾਮੀਆਂ, ਸਾਲ 2017 ਵਿੱਚ ਸੀਨੀਅਰ ਸਕੱਤਰੇਤ ਸਹਾਇਕ ਦੀਆਂ 34 ਅਸਾਮੀਆਂ ਅਤੇ ਸਾਲ 2021 ਵਿੱਚ ਸੀਨੀਅਰ ਸਕੱਤਰੇਤ ਸਹਾਇਕ ਦੀਆਂ ਅੱਠ ਅਸਾਮੀਆਂ ਭਰੀਆਂ ਗਈਆਂ ਜਿਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਸੇ ਵੀ ਅਹੁਦੇ ਨੂੰ ਖ਼ਤਮ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਚੱਲ ਰਹੀ ਹੈ।