
ਹਰਿਆਣਾ ਦੇ ਕਿਸਾਨ ਆਗੂ ਗੁਣੀ ਪ੍ਰਕਾਸ਼ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਉਮੀਦਵਾਰਾਂ 'ਤੇ ਤੰਜ਼ ਕੱਸਿਆ ਹੈ।
ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਆਗੂ ਗੁਣੀ ਪ੍ਰਕਾਸ਼ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਉਮੀਦਵਾਰਾਂ 'ਤੇ ਤੰਜ਼ ਕੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਮਾਨ ਧੜੇ ਦੇ ਪ੍ਰਧਾਨ ਗੁਣੀ ਪ੍ਰਕਾਸ਼ ਨੇ 750 ਕਿਸਾਨਾਂ ਦੀਆਂ ਮੌਤਾਂ ਲਈ ਸੰਯੁਕਤ ਕਿਸਾਨ ਮੋਰਚੇ ਦੇ 45 ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ਕਿਸਾਨਾਂ ਦੀਆਂ ਮੌਤਾਂ ’ਤੇ ਸਿਆਸਤ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਇਹਨਾਂ ਨੇ ਲਾਲ ਕਿਲੇ ਅਤੇ ਤਿਰੰਗੇ ਦਾ ਅਪਮਾਨ ਕੀਤਾ ਹੈ। ਉਹ ਖੁਦ ਪੰਜਾਬ ਵਿਚ ਇਹਨਾਂ ਖ਼ਿਲਾਫ਼ ਪ੍ਰਚਾਰ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਕਿਸਾਨਾਂ ਦੇ 117 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ, ਜੇਕਰ ਅਜਿਹਾ ਨਹੀਂ ਹੋਇਆ ਤਾਂ ਮੈਂ ਜ਼ਿੰਦਗੀ ਭਰ ਪੱਗ ਨਹੀਂ ਬੰਨਾਂਗਾ।
Balbir Singh Rajewal and Gurnam Singh Charuni
ਹਰਿਆਣਾ ਦੇ ਕਿਸਾਨ ਆਗੂ ਨੇ ਕਿਹਾ ਕਿ ਪਹਿਲਾਂ ਇਹ ਕਹਿ ਰਹੇ ਸੀ ਕਿ ਸਾਡਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਹੁਣ ਇਹ ਚੋਣਾਂ ਨੂੰ ਹੀ ਸਭ ਤੋਂ ਵੱਡਾ ਸਹਾਰਾ ਕਹਿ ਰਹੇ ਹਨ। ਉਹਨਾਂ ਕਿਹਾ ਕਿ ਚੜੂਨੀ ਕਹਿੰਦੇ ਹਨ ਕਿ ਜੇਕਰ ਸਾਡਾ ਰਾਜ ਆਇਆ ਤਾਂ ਪੰਜਾਬ ਵਿਚ ਅਫੀਮ ਦੀ ਖੇਤੀ ਕਰਾਂਗੇ। ਮਤਲਬ ਪਾਕਿਸਤਾਨ ਤੋਂ ਨਸ਼ਾ ਆਉਣਾ ਬੰਦ ਹੋ ਗਿਆ। ਹੁਣ ਪੰਜਾਬ 'ਚ ਨਸ਼ਿਆਂ ਦੀ ਖੇਤੀ ਹੋਵੇਗੀ। ਕਿਸਾਨ ਆਗੂ ਗੁਣੀ ਪ੍ਰਕਾਸ਼ ਨੇ ਦੋਵਾਂ ਆਗੂਆਂ 'ਤੇ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲਾਏ ਹਨ।