
ਸਰਕਾਰ ਨੇ ਸੇਬੀ ਮੁਖੀ ਅਹੁਦੇ ਲਈ ਮੰਗੀਆਂ ਅਰਜ਼ੀਆਂ
ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਚੇਅਰਪਰਸਨ ਦੀ ਭਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਇਹ ਪ੍ਰਕਿਰਿਆ ਮੌਜੂਦਾ ਮੁਖੀ ਮਾਧਬੀ ਪੁਰੀ ਬੁਚ ਦਾ ਕਾਰਜਕਾਲ ਖਤਮ ਹੋਣ ਤੋਂ ਇਕ ਮਹੀਨਾ ਪਹਿਲਾਂ ਆਈ ਹੈ। ਬੁਚ ਲੰਮੇ ਸਮੇਂ ਤੋਂ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਸੁਰਖੀਆਂ ’ਚ ਰਹੇ ਹਨ।
ਵਿੱਤ ਮੰਤਰਾਲੇ ਦੇ ਅਧੀਨ ਆਰਥਕ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਇਸ਼ਤਿਹਾਰ ਮੁਤਾਬਕ ਇਹ ਨਿਯੁਕਤੀ ਪੰਜ ਸਾਲ ਦੀ ਮਿਆਦ ਲਈ ਜਾਂ ਉਮੀਦਵਾਰ ਦੀ 65 ਸਾਲ ਦੀ ਉਮਰ ਤਕ ਹੋਵੇਗੀ। ਅਰਜ਼ੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 17 ਫ਼ਰਵਰੀ ਹੈ। ਮੰਤਰਾਲੇ ਨੇ ਕਿਹਾ ਕਿ ਰੈਗੂਲੇਟਰ ਦੇ ਤੌਰ ’ਤੇ ਸੇਬੀ ਦੀ ਭੂਮਿਕਾ ਅਤੇ ਮਹੱਤਤਾ ਨੂੰ ਧਿਆਨ ’ਚ ਰਖਦੇ ਹੋਏ ਉਮੀਦਵਾਰ ਕੋਲ ਉੱਚ ਈਮਾਨਦਾਰੀ ਅਤੇ 50 ਸਾਲ ਤੋਂ ਵੱਧ ਦਾ ਤਜਰਬਾ ਅਤੇ 25 ਸਾਲ ਤੋਂ ਵੱਧ ਦਾ ਪੇਸ਼ੇਵਰ ਤਜਰਬਾ ਹੋਣਾ ਚਾਹੀਦਾ ਹੈ।
ਸੇਬੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬੁਚ ਨੇ 2 ਮਾਰਚ, 2022 ਨੂੰ ਤਿੰਨ ਸਾਲ ਲਈ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਆਈ.ਏ.ਐਸ. ਅਧਿਕਾਰੀ ਅਜੇ ਤਿਆਗੀ ਦੀ ਥਾਂ ਲਈ, ਜਿਨ੍ਹਾਂ ਨੇ 1 ਮਾਰਚ, 2017 ਤੋਂ 28 ਫ਼ਰਵਰੀ, 2022 ਤਕ ਸੇਬੀ ਦੇ ਮੁਖੀ ਵਜੋਂ ਸੇਵਾ ਨਿਭਾਈ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਉਸ ਸਮੇਂ ਵੱਡੇ ਵਿਵਾਦਾਂ ’ਚ ਘਿਰਿਆ ਸੀ ਜਦੋਂ ਸੇਬੀ ਦੇ ਕਰਮਚਾਰੀਆਂ ਨੇ ‘ਅਣਉਚਿਤ ਅਭਿਆਸਾਂ’ ਦਾ ਵਿਰੋਧ ਕੀਤਾ ਸੀ, ਅਮਰੀਕੀ ਖੋਜ ਅਤੇ ਨਿਵੇਸ਼ ਫਰਮ ਹਿੰਡਨਬਰਗ ਅਤੇ ਵਿਰੋਧੀ ਧਿਰ ਕਾਂਗਰਸ ਨੇ ਵੀ ਉਨ੍ਹਾਂ ’ਤੇ ਦੋਸ਼ ਲਗਾਏ ਸਨ। ਹਿੰਡਨਬਰਗ ਨੇ ਇਸ ਮਹੀਨੇ ਦੇ ਸ਼ੁਰੂ ’ਚ ਅਪਣਾ ਕਾਰੋਬਾਰ ਬੰਦ ਕਰਨ ਦੀ ਅਪਣੀ ਯੋਜਨਾ ਦਾ ਐਲਾਨ ਕੀਤਾ ਸੀ।